Iran US Conflict : ਭਾਰਤੀ LPG ਜਹਾਜ਼ ਨੇ ਸੁਰੱਖਿਅਤ ਪਾਰ ਕੀਤਾ ਹੋਰਮੁਜ਼
– ਜਾਣੋ ਕਦੋ ਪਹੰਚੇਗਾ ਮੁੰਬਈ
ਨਵੀ ਦਿੱਲੀ, 12 ਅਪ੍ਰੈਲ (ਵਿਸ਼ਵ ਵਾਰਤਾ) – ਇਰਾਨ ਅਤੇ ਅਮਰੀਕਾ ਵਿਚਾਲੇ ਇਸਲਾਮਾਬਾਦ ਵਿੱਚ ਹੋਈ ਸ਼ਾਂਤੀ ਵਾਰਤਾ ਬੇਸਿੱਟਾ ਰਹੀ। ਜਿਸ ਕਾਰਨ ਦੁਨੀਆ ਭਰ ਵਿੱਚ ਮੁੜ ਊਰਜਾ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਰਾਨ ਨੇ ਕਈ ਦੇਸ਼ਾਂ ਲਈ ਹੋਰਮੁਜ਼ ਜਲਡਮਰੂ ਨੂੰ ਫਿਰ ਤੋਂ ਬੰਦ ਕਰ ਦਿੱਤਾ ਹੈ। ਹੋਰਮੁਜ਼ ਤੋਂ 2 ਸੁਪਰ ਟੈਂਕਰਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ।
ਹਾਲਾਂਕਿ, ਇਸ ਦੌਰਾਨ ਭਾਰਤ ਦਾ ਇੱਕ ਹੋਰ ਜਹਾਜ਼ ਹਜ਼ਾਰਾਂ ਮੀਟ੍ਰਿਕ ਟਨ ਐਲਪੀਜੀ (LPG) ਲੈ ਕੇ ਹੋਰਮੁਜ਼ ਨੂੰ ਪਾਰ ਕਰਕੇ ‘ਸੇਫ ਜ਼ੋਨ’ ਵਿੱਚ ਪਹੁੰਚ ਗਿਆ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਜਹਾਜ਼ ਜੰਗ ਦੇ ਵਿਚਕਾਰ ਲਗਾਤਾਰ ਹੋਰਮੁਜ਼ ਪਾਰ ਕਰਕੇ ਭਾਰਤ ਆ ਰਹੇ ਹਨ। ਪਿਛਲੇ ਕਰੀਬ ਚਾਰ ਹਫ਼ਤਿਆਂ ਵਿੱਚ ਇਹ 9ਵਾਂ ਭਾਰਤੀ ਝੰਡੇ ਵਾਲਾ ਜਹਾਜ਼ ਹੈ, ਜਿਸ ਨੇ ਸਟ੍ਰੇਟ ਆਫ ਹੋਰਮੁਜ਼ ਨੂੰ ਪਾਰ ਕੀਤਾ ਹੈ। ‘ਜਗ ਵਿਕਰਮ’ ਨਾਮਕ ਇਸ ਜਹਾਜ਼ ਦੇ 15 ਅਪ੍ਰੈਲ ਨੂੰ ਮੁੰਬਈ ਪਹੁੰਚਣ ਦੀ ਉਮੀਦ ਹੈ।
‘ਜਗ ਵਿਕਰਮ’ ਦਰਮਿਆਨੇ ਆਕਾਰ ਦਾ ਗੈਸ ਕੈਰੀਅਰ ਜਹਾਜ਼ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਮਾਰਚ ਦੀ ਸ਼ੁਰੂਆਤ ਤੋਂ ਬਾਅਦ ਫ਼ਾਰਸ ਦੀ ਖਾੜੀ ਵਿੱਚੋਂ ਨਿਕਲਣ ਵਾਲਾ ‘ਜਗ ਵਿਕਰਮ’ 9ਵਾਂ ਭਾਰਤੀ ਜਹਾਜ਼ ਹੈ। ਅਜੇ ਵੀ ਭਾਰਤੀ ਝੰਡੇ ਵਾਲੇ ਲਗਭਗ 15 ਜਹਾਜ਼ ਇਸ ਖੇਤਰ ਵਿੱਚ ਮੌਜੂਦ ਹਨ ਅਤੇ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਹਨ।























