Iran-ਅਮਰੀਕਾ ਤਣਾਅ ਦਰਮਿਆਨ ਰਾਹਤ ਭਰੀ ਖ਼ਬਰ! ਤਹਿਰਾਨ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ
ਤੇਹਰਾਨ, 25 ਅਪ੍ਰੈਲ 2026 (ਵਿਸ਼ਵ ਵਾਰਤਾ): ਅਮਰੀਕਾ ਅਤੇ ਈਰਾਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜਲਦ ਸ਼ਾਂਤੀ ਵਾਰਤਾ ਕਰਨ ਵਾਲੇ ਹਨ। ਇਸ ਵਾਰਤਾ ਤੋਂ ਪੂਰੀ ਦੁਨੀਆ ਨੂੰ ਉਮੀਦਾਂ ਹਨ, ਕਿਉਂਕਿ ਈਰਾਨ ਅਤੇ ਅਮਰੀਕਾ ਵੱਲੋਂ ਹੋਰਮੁਜ਼ ਸਟ੍ਰੇਟ ‘ਤੇ ਲਗਾਈ ਗਈ ਦੋਹਰੀ ਨਾਕਾਬੰਦੀ ਨੇ ਦੁਨੀਆ ਭਰ ਦੀ ਆਰਥਿਕਤਾ ਦੇ ਸਾਹ ਰੋਕ ਰੱਖੇ ਹਨ। ਇਸ ਵਿਚਾਲੇ ਹੀ ਇਕ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ । ਈਰਾਨ ਅਤੇ ਅਮਰੀਕਾ ਵਿਚਾਲੇ ਜੰਗ ਸ਼ੁਰੂ ਹੋਣ ਦੇ ਦੋ ਮਹੀਨਿਆਂ ਬਾਅਦ ਤਹਿਰਾਨ ਏਅਰਪੋਰਟ ਫਿਰ ਤੋਂ ਸ਼ੁਰੂ ਹੋ ਗਿਆ ਹੈ। ਲੰਬੇ ਸਮੇਂ ਤੋਂ ਬੰਦ ਰਹੇ ਨਾਗਰਿਕ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਇਸ ਨੂੰ ਵਿਸ਼ਵ ਪੱਧਰ ‘ਤੇ ਤਣਾਅ ਘੱਟ ਹੋਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਹਿਰਾਨ ਦੇ ਇਮਾਮ ਖੁਮੈਨੀ ਇੰਟਰਨੈਸ਼ਨਲ ਏਅਰਪੋਰਟ ਨੇ ਸ਼ਨੀਵਾਰ ਸਵੇਰੇ ਕੁਝ ਅੰਤਰਰਾਸ਼ਟਰੀ ਉਡਾਣਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਹਵਾਈ ਅੱਡਾ ਅਧਿਕਾਰੀਆਂ ਦੇ ਅਨੁਸਾਰ, ਉਡਾਣਾਂ ਦੀ ਬਹਾਲੀ ਤੋਂ ਬਾਅਦ ਤਹਿਰਾਨ ਤੋਂ ਪਹਿਲੀਆਂ ਆਊਟਬਾਊਂਡ (ਬਾਹਰ ਜਾਣ ਵਾਲੀਆਂ) ਉਡਾਣਾਂ ਮਸਕਟ (ਓਮਾਨ), ਇਸਤਾਂਬੁਲ (ਤੁਰਕੀ) ਅਤੇ ਸਾਊਦੀ ਅਰਬ ਦੇ ਮਦੀਨਾ ਸ਼ਹਿਰ ਲਈ ਰਵਾਨਾ ਹੋਈਆਂ। ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਫਸੇ ਹੋਏ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ha ਅਤੇ ਆਉਣ ਵਾਲੇ ਦਿਨਾਂ ਵਿੱਚ ਕੰਮਕਾਜ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
ਦੱਸ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ, ਈਰਾਨ ਦੇ ਦੂਰ ਉੱਤਰ-ਪੂਰਬ ਵਿੱਚ ਸਥਿਤ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਦਾ ਹਵਾਈ ਅੱਡਾ ਵੀ ਖੁੱਲ੍ਹ ਗਿਆ ਸੀ। ਇਸ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹਵਾਈ ਯਾਤਰਾ ਦੀਆਂ ਸੇਵਾਵਾਂ ਹੌਲੀ-ਹੌਲੀ ਮੁੜ ਸ਼ੁਰੂ ਹੋ ਰਹੀਆਂ ਹਨ।























