IPL 2026 : ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ‘ਚ ਉਤਰੇ ਖਿਡਾਰੀ
– ਸਟੇਡੀਅਮ ‘ਚ 11 ਸੀਟਾਂ ਵੀ ਰੱਖੀਆਂ ਗਈਆਂ ਖਾਲੀ
ਨਵੀ ਦਿੱਲੀ, 28 ਮਾਰਚ 2026 (ਵਿਸ਼ਵ ਵਾਰਤਾ) – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਦਾ ਆਗਾਜ਼ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਮੁਕਾਬਲੇ ਨਾਲ ਹੋ ਗਿਆ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਰ.ਸੀ.ਬੀ. ਦੀ ਟੀਮ ਨੇ ਇਸ ਮੈਚ ਵਿੱਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ਵਿੱਚ ਉਤਰੇ ਹਨ।
ਸਨਰਾਈਜ਼ਰਜ਼ ਹੈਦਰਾਬਾਦ ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਆਈ.ਪੀ.ਐਲ. 2026 ਦੇ ਮੈਚ ਤੋਂ ਠੀਕ ਪਹਿਲਾਂ ਬੈਂਗਲੁਰੂ ਭਗਦੜ ਵਿੱਚ ਜਾਨ ਗੁਆਉਣ ਵਾਲੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਟਾਸ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਖੇਡਣ ਲਈ ਮੈਦਾਨ ਵਿੱਚ ਉਤਰ ਰਹੀਆਂ ਸਨ, ਤਾਂ ਸਟੇਡੀਅਮ ਵਿੱਚ ਮੌਜੂਦ ਸਾਰੇ ਦਰਸ਼ਕਾਂ, ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਮੌਨ ਰਹਿ ਕੇ ਸ਼ਰਧਾਂਜਲੀ ਭੇਟ ਕੀਤੀ।
ਦੱਸ ਦਈਏ ਕਿ ਪਿਛਲੇ ਸਾਲ ਆਈ.ਪੀ.ਐਲ. ਦਾ ਖ਼ਿਤਾਬ ਜਿੱਤਣ ਤੋਂ ਬਾਅਦ ਜਸ਼ਨਾਂ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਭਗਦੜ ਮਚ ਗਈ ਸੀ, ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ, ਆਈ.ਪੀ.ਐਲ. 2026 ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਇਸ ਭਗਦੜ ਵਿੱਚ ਜਾਨ ਗੁਆਉਣ ਵਾਲੇ ਪ੍ਰਸ਼ੰਸਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਆਰ.ਸੀ.ਬੀ. ਦੇ ਨਾਲ-ਨਾਲ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀ ਵੀ ਇਸ ਮੈਚ ਵਿੱਚ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ਵਿੱਚ ਉਤਰੇ। ਇਸ ਤੋਂ ਇਲਾਵਾ ਚਿੰਨਾਸਵਾਮੀ ਸਟੇਡੀਅਮ ਵਿੱਚ ਇਨ੍ਹਾਂ ਪ੍ਰਸ਼ੰਸਕਾਂ ਦੀ ਯਾਦ ਵਿੱਚ 11 ਸੀਟਾਂ ਖਾਲੀ ਰੱਖੀਆਂ ਗਈਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























