IPL 2023: ਰੋਮਾਂਚਕ ਮੁਕਾਬਲੇ ‘ਚ ਦਿੱਲੀ ਨੇ ਪਹਿਲੀ ਵਾਰ ਗੁਜਰਾਤ ਨੂੰ ਹਰਾਇਆ
ਚੰਡੀਗੜ੍ਹ,3ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ ‘ਚ ਬੀਤੀ ਸ਼ਾਮ ਖੇਡੇ ਗਏ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ ‘ਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੀਜ਼ਨ ਦੇ 44ਵੇਂ ਮੈਚ ਵਿੱਚ ਮੌਜੂਦਾ ਚੈਂਪੀਅਨ ਗੁਜਰਾਤ ਨੂੰ 5 ਦੌੜਾਂ ਨਾਲ ਹਰਾਇਆ। ਦੋਵਾਂ ਵਿਚਾਲੇ ਇਹ ਕੁੱਲ ਤੀਜਾ ਮੈਚ ਸੀ। ਗੁਜਰਾਤ ਨੇ ਪਿਛਲੇ ਦੋ ਮੈਚ ਜਿੱਤੇ ਹਨ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 130 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ ਦੇ ਬੱਲੇਬਾਜ਼ 20 ਓਵਰਾਂ ‘ਚ 6 ਵਿਕਟਾਂ ‘ਤੇ 125 ਦੌੜਾਂ ਹੀ ਬਣਾ ਸਕੇ। ਮੁਹੰਮਦ ਸ਼ਮੀ ਮੈਨ ਆਫ ਦ ਮੈਚ ਰਹੇ। ਉਸ ਨੇ 4 ਵਿਕਟਾਂ ਲਈਆਂ। ਇਸ ਸੀਜ਼ਨ ਵਿੱਚ ਦਿੱਲੀ ਦੀ ਇਹ ਤੀਜੀ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਟੀਮ ਨੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।