International Yoga Day: 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੀਐਸਐਫ ਜਵਾਨਾਂ ਨੇ ਕੀਤਾ ਯੋਗਾ
– ਸਰਹੱਦੀ ਪਿੰਡਾਂ ਦੇ ਲੋਕ ਅਤੇ ਬੱਚੇ ਵੀ ਸਮਾਗਮ ‘ਚ ਹੋਏ ਸ਼ਾਮਲ

ਅੰਮ੍ਰਿਤਸਰ, 21 ਜੂਨ (ਵਿਸ਼ਵ ਵਾਰਤਾ): 11ਵੇਂ ਅੰਤਰਰਾਸ਼ਟਰੀ ਯੋਗ ਦਿਵਸ (International Yoga Day) ਦੇ ਮੌਕੇ ‘ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਮੌਕੇ ਸੀਮਾ ਸੁਰੱਖਿਆ ਬਲ (BSF) ਨੇ ਸ਼ਨੀਵਾਰ ਨੂੰ ਸੰਯੁਕਤ ਚੈੱਕ ਪੋਸਟ (JCP) ਅਟਾਰੀ ਵਿਖੇ ਇੱਕ ਸ਼ਾਨਦਾਰ ਯੋਗਾ ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਬੀਐਸਐਫ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤੁਲ ਫੁਲਜ਼ੇਲ, ਆਈਪੀਐਸ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਯੋਗ ਨੂੰ ਮਨੁੱਖਤਾ ਦੀ ਸਾਂਝੀ ਵਿਰਾਸਤ ਦੱਸਦਿਆਂ ਉਨ੍ਹਾਂ ਕਿਹਾ ਕਿ “ਯੋਗ ਸਿਰਫ਼ ਇੱਕ ਕਸਰਤ ਨਹੀਂ ਹੈ, ਸਗੋਂ ਜੀਵਨ ਜਿਊਣ ਦੀ ਇੱਕ ਕਲਾ ਹੈ, ਜੋ ਸ਼ਾਂਤੀ, ਸਿਹਤ ਅਤੇ ਏਕਤਾ ਨੂੰ ਮਜ਼ਬੂਤ ਕਰਦੀ ਹੈ।”
ਦੱਸ ਦਈਏ ਕਿ ਇਸ ਸਾਲ ਯੋਗਾ ਦਿਵਸ ਦਾ ਥੀਮ “ਇੱਕ ਧਰਤੀ, ਇੱਕ ਸਿਹਤ ਲਈ ਯੋਗਾ” ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਸਵਾਗਤ ਅਤੇ ਉਦਘਾਟਨੀ ਭਾਸ਼ਣ ਨਾਲ ਹੋਈ। ਸਥਾਨਕ ਪਿੰਡ ਵਾਸੀਆਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਯੋਗਾ ਸਮਾਗਮ ‘ਚ ਹਿੱਸਾ ਲਿਆ ਅਤੇ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਲਿਆ। ਪ੍ਰੋਗਰਾਮ ਦੇ ਅੰਤ ਵਿੱਚ, ਇੱਕ ਪੁਰਸਕਾਰ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਥਾਨਕ ਖੇਡ ਪ੍ਰਤਿਭਾਵਾਂ ਅਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ।























