International women’s day 2026 : ਜਾਣੋ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ?
ਚੰਡੀਗੜ੍ਹ , 8 ਮਾਰਚ 2026 (ਵਿਸ਼ਵ ਵਾਰਤਾ): ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਮਿਹਨਤੀ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਔਰਤਾਂ ਲਈ ਇਕ ਦਿਨ ਹੀ ਖਾਸ ਕਿਉਂ? ਹਰ ਦਿਨ ਔਰਤਾਂ ਲਈ ਖਾਸ ਹੋਣਾ ਚਾਹੀਦਾ ਹੈ। ਕਿਉਂਕਿ ਅਕਸਰ ਹੀ ਅਸੀਂ ਕਹਿੰਦੇ ਹਾਂ ਹਰ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਪਰ ਔਰਤਾਂ ਦਾ ਆਵਦਾ ਜੀਵਨ ਸੰਘਰਸ਼ ਦੇ ਵਿਚ ਹੀ ਲੰਘ ਜਾਂਦਾ ਹੈ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਕਹਾਣੀ ਵੀ ਸੰਘਰਸ਼ ਭਰੀ ਹੈ।
ਸੰਯੁਕਤ ਰਾਸ਼ਟਰ ਨੇ ਅਧਿਕਾਰਤ ਤੌਰ ‘ਤੇ 8 ਮਾਰਚ, 1975 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਾਨਤਾ ਦਿੱਤੀ। ਉਦੋਂ ਤੋਂ ਹੀ ਔਰਤਾਂ ਦੇ ਸਨਮਾਨ ਵਿੱਚ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ।
ਜੇਕਰ ਮਹਿਲਾ ਦਿਵਸ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਔਰਤਾਂ ਕੋਲ ਉਹ ਅਧਿਕਾਰ ਤੇ ਸਾਧਨ ਨਹੀਂ ਸਨ ਜੋ ਮਰਦਾਂ ਕੋਲ ਸੀ ਤੇ ਜੋ ਔਰਤਾਂ ਨੂੰ ਵੀ ਮਿਲਣੇ ਚਾਹੀਦੇ ਸਨ। ਉਨ੍ਹਾਂ ਦੇ ਕੰਮ ਦੇ ਘੰਟੇ ਲੰਬੇ ਸਨ, ਉਨ੍ਹਾਂ ਨੂੰ ਕੰਮ ਦੇ ਹਿਸਾਬ ਨਾਲ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਸੀ।
ਇਤਿਹਾਸ ਮੁਤਾਬਕ 1908 ਵਿੱਚ ਇਸ ਵਿਤਕਰੇ ਤੇ ਜ਼ੁਲਮ ਨੂੰ ਲੈ ਕੇ ਔਰਤਾਂ ਵਿੱਚ ਚੇਤਨਾ ਪੈਦਾ ਹੋ ਗਈ ਤੇ ਅੰਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦਿਆਂ ਤਕਰੀਬਨ 15,000 ਔਰਤਾਂ ਨੇ ਨਿਊਯਾਰਕ ਦੀਆਂ ਸੜਕਾਂ ’ਤੇ ਰੈਲੀ ਕੱਢੀ। 1910 ਵਿੱਚ ਕੰਮਕਾਜੀ ਔਰਤਾਂ ਦੇ ਸਬੰਧ ਵਿੱਚ ਕੋਪਨਹੇਗਨ ਵਿੱਚ ਇੱਕ ਕਾਨਫਰੰਸ ਹੋਈ।
1911 ਵਿੱਚ, ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਨੇਤਾ ਕਲਾਰਾ ਜੇਟਕਿਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪ੍ਰਸਤਾਵ ਰੱਖਿਆ। ਇਸ ਨੂੰ 19 ਮਾਰਚ ਨੂੰ ਮਨਾਇਆ ਗਿਆ। ਇਸ ਦੇ ਨਾਲ ਹੀ 1913-1914 ਵਿੱਚ, ਰੂਸ ਵਿੱਚ 23 ਫਰਵਰੀ ਨੂੰ ਪਹਿਲਾ ਮਹਿਲਾ ਦਿਵਸ ਮਨਾਇਆ ਗਿਆ ਤੇ ਬਾਅਦ ਵਿੱਚ ਇਸ ਨੂੰ ਵਿਸ਼ਵ ਪੱਧਰ ‘ਤੇ 8 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਸੰਯੁਕਤ ਰਾਸ਼ਟਰ ਵਿੱਚ ਮਹਿਲਾ ਦਿਵਸ ਮਨਾਉਣਾ 1975 ਵਿੱਚ ਸ਼ੁਰੂ ਹੋਇਆ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ
ਇਹ ਦਿਨ ਸਿਰਫ਼ ਇਸ ਲਈ ਨਹੀਂ ਮਨਾਇਆ ਜਾਂਦਾ ਕਿਉਂਕਿ ਇਸ ਨੂੰ ਕੈਲੰਡਰ ਵਿੱਚ ਦਿਖਾਉਣਾ ਹੁੰਦਾ ਹੈ। ਸਗੋਂ ਇਸ ਲਈ ਵੀ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਔਰਤਾਂ ਹਨ ਜੋ ਜੁਲਮ ਦਾ ਸ਼ਿਕਾਰ ਹਨ, ਸਿੱਖਿਆ ਤੋਂ ਵਾਂਝੀਆਂ ਹਨ, ਭਰੂਣ ਹੱਤਿਆ ਕਰਨ ਲਈ ਮਜ਼ਬੂਰ ਹਨ, ਜਿਨ੍ਹਾਂ ਕੋਲ ਕੰਮ ਦਾ ਕੋਈ ਸਾਧਨ ਨਹੀਂ ਜਾਂ ਭੁੱਖਮਰੀ ਵਿੱਚ ਰਹਿ ਰਹੀਆਂ ਹਨ। ਲੋੜ ਹੈ ਉਨ੍ਹਾਂ ਲਈ ਆਵਾਜ਼ ਬੁਲੰਦ ਕਰਨ ਤੇ ਇਸ ਵਿਤਕਰੇ ਨੂੰ ਘੱਟ ਕਰਨ ਦੀ, ਇਸੇ ਲਈ ਅੱਜ ਵੀ ਇਸ ਦਿਨ ਦੀ ਓਨੀ ਹੀ ਮਹੱਤਤਾ ਹੈ ਜਿੰਨੀ ਸਾਲਾਂ ਪਹਿਲਾਂ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















