International: ਟਾਟਾ ਗਰੁੱਪ ਦੀ ਕੰਪਨੀ ਨੂੰ ਛੱਡਣਾ ਪਵੇਗਾ ਇਹ ਦੇਸ਼ ! ਰਾਸ਼ਟਰਪਤੀ ਨੇ ਕੰਮਕਾਜ ਬੰਦ ਕਰਨ ਦੇ ਦਿੱਤੇ ਹੁਕਮ
– 100 ਸਾਲ ਤੋਂ ਵੱਧ ਸਮੇਂ ਤੋਂ ਕੀਨੀਆ ’ਚ ਕਾਰੋਬਾਰ ਕਰ ਰਹੀ ਸੀ ਟਾਟਾ ਕੈਮੀਕਲਜ਼ ਮਗਾਡੀ
– ਰਾਸ਼ਟਰਪਤੀ ਵਿਲੀਅਮ ਰੁਟੋ ਦਾ ਸਖ਼ਤ ਸਵਾਲ- ‘ਕੀ ਅਸੀਂ ਦੂਜਿਆਂ ਦੇ ਗੁਲਾਮ ਹਾਂ?’
ਚੰਡੀਗੜ੍ਹ, 4 ਸਤੰਬਰ (ਵਿਸ਼ਵ ਵਾਰਤਾ): ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੁਟੋ ਨੇ ਟਾਟਾ ਗਰੁੱਪ ਦੀ ਕੰਪਨੀ ਟਾਟਾ ਕੈਮੀਕਲਜ਼ ਮਗਾਡੀ ਨੂੰ ਦੇਸ਼ ਛੱਡਣ ਦੇ ਹੁਕਮ ਦੇਣ ਦੀ ਗੱਲ ਕਹੀ ਹੈ। ਰਾਸ਼ਟਰਪਤੀ ਨੇ ਦੋਸ਼ ਲਗਾਇਆ ਕਿ ਕੰਪਨੀ ਨੇ ਲੇਕ ਮਗਾਡੀ ਖੇਤਰ ਵਿੱਚ ਇੱਕ ਸਦੀ ਤੋਂ ਵੱਧ ਸਮੇਂ ਤੱਕ ਕਾਰੋਬਾਰ ਕਰਨ ਦੇ ਬਾਵਜੂਦ ਸਥਾਨਕ ਪੱਧਰ ’ਤੇ ਲੋੜੀਂਦਾ ਨਿਵੇਸ਼ ਨਹੀਂ ਕੀਤਾ। ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ 28 ਜੁਲਾਈ ਨੂੰ ਟਾਟਾ ਕੈਮੀਕਲਜ਼ ਮਗਾਡੀ ਦੇ ਮਾਈਨਿੰਗ ਆਪਰੇਸ਼ਨ ਨੂੰ ਕਥਿਤ ਤੌਰ ’ਤੇ ਮਾਈਨਿੰਗ ਕਾਨੂੰਨਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ।
ਰਾਸ਼ਟਰਪਤੀ ਰੁਟੋ ਨੇ ਕੀਨੀਆ ਦੀ ਨੀਤੀ ਕੀਤੀ ਸਪੱਸ਼ਟ
ਰਾਸ਼ਟਰਪਤੀ ਰੁਟੋ ਨੇ ਕੰਪਨੀ ਦੇ ਕੰਮਕਾਜ ਨੂੰ ਲੈ ਕੇ ਸਖ਼ਤ ਰੁਖ਼ ਅਪਣਾਉਂਦਿਆਂ ਸਵਾਲ ਕੀਤਾ ਕਿ ਕੀਨੀਆ ਕਿਸੇ ਹੋਰ ਦੇਸ਼ ਜਾਂ ਵਿਦੇਸ਼ੀ ਕੰਪਨੀਆਂ ਦਾ ਗੁਲਾਮ ਨਹੀਂ ਹੈ। ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਸਰਕਾਰ ਹੁਣ ਵਿਦੇਸ਼ੀ ਕੰਪਨੀਆਂ ਤੋਂ ਦੇਸ਼ ਦੇ ਸਥਾਨਕ ਵਿਕਾਸ ਵਿੱਚ ਵੱਡਾ ਯੋਗਦਾਨ ਚਾਹੁੰਦੀ ਹੈ। ਰੁਟੋ ਨੇ ਕਾਜ਼ਿਆਡੋ ਖੇਤਰ ਵਿੱਚ ਕੰਪਨੀ ਦੀ ਭੂਮਿਕਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਟਾਟਾ ਕੰਪਨੀ ਕੋਲ ਕਰੀਬ 100 ਸਾਲ ਦਾ ਕਰਾਰ ਸੀ, ਪਰ ਇਸ ਦੇ ਬਾਵਜੂਦ ਖੇਤਰ ਵਿੱਚ ਲੋੜੀਂਦਾ ਨਿਰਮਾਣ ਜਾਂ ਵਿਕਾਸ ਨਹੀਂ ਕੀਤਾ ਗਿਆ।
ਦੋ ਨਵੀਆਂ ਕੰਪਨੀਆਂ ਲਿਆਉਣ ਦੀ ਤਿਆਰੀ
ਕੀਨੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਹੁਣ ਇਸ ਖੇਤਰ ਵਿੱਚ ਦੋ ਨਵੀਆਂ ਕੰਪਨੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਰਾਹੀਂ ਸਥਾਨਕ ਪੱਧਰ ’ਤੇ ਨਿਵੇਸ਼ ਵਧਾਉਣ, ਉਤਪਾਦਨ ਅਤੇ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਰੁਟੋ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਕੰਪਨੀ ਕਾਜ਼ਿਆਡੋ ਵਿੱਚ ਵੱਡੀ ਗਲਾਸ ਨਿਰਮਾਣ ਫੈਕਟਰੀ ਸਥਾਪਿਤ ਕਰੇਗੀ, ਜਦਕਿ ਦੂਜੀ ਕੰਪਨੀ ਇਸੇ ਖੇਤਰ ਵਿੱਚ ਕੈਮਿਕਲਜ਼ ਦਾ ਉਤਪਾਦਨ ਕਰੇਗੀ।
ਕੀਨੀਆ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਵੇਸ਼ ਨਾਲ ਖੇਤਰ ਵਿੱਚ ਉਦਯੋਗਿਕ ਗਤੀਵਿਧੀਆਂ ਵਧਣਗੀਆਂ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























