International: ਨੇਪਾਲ ਦੀ ਬੁੱਢੀ ਗੰਡਕੀ ਨਦੀ ’ਚ ਅਚਾਨਕ ਆਏ ਹੜ੍ਹ
– 35 ਘਰ ਤੇ 6 ਪੁਲ ਰੁੜ੍ਹੇ; 10 ਲੋਕ ਲਾਪਤਾ
ਨਵੀਂ ਦਿੱਲੀ, 11 ਅਕਤੂਬਰ 2026 (ਵਿਸ਼ਵ ਵਾਰਤਾ): ਨੇਪਾਲ ਦੇ ਗੋਰਖਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਬੁੱਢੀ ਗੰਡਕੀ ਨਦੀ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਹਨ। ਮੁੱਢਲੀ ਜਾਣਕਾਰੀ ਅਨੁਸਾਰ, ਹੜ੍ਹ ਦੇ ਤੇਜ਼ ਵਹਾਅ ਵਿੱਚ ਲਗਭਗ 35 ਘਰ ਅਤੇ 6 ਪੁਲ ਰੁੜ੍ਹ ਗਏ, ਜਦਕਿ ਘੱਟੋ-ਘੱਟ 10 ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਹੜ੍ਹ ਕਾਰਨ 341 ਮੈਗਾਵਾਟ ਦੇ ਬੁੱਢੀ ਗੰਡਕੀ ਹਾਈਡ੍ਰੋਪਾਵਰ ਪ੍ਰਾਜੈਕਟ ਦੇ ਨਿਰਮਾਣ ਕੈਂਪ ਅਤੇ ਕਈ ਮਸ਼ੀਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਤੜਕੇ ਕਰੀਬ 4 ਵਜੇ ਪਾਣੀ ਬਸਤੀਆਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ।
ਮੁੱਢਲੀ ਜਾਣਕਾਰੀ ਮੁਤਾਬਕ, ਉੱਚੇ ਪਹਾੜੀ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਚੁਨਚੁਬਰੀ ਸਿਆਰੀ ਨਦੀ ਦਾ ਰਸਤਾ ਰੁਕ ਗਿਆ ਸੀ। ਇਸ ਕਾਰਨ ਪਾਣੀ ਇਕੱਠਾ ਹੋ ਗਿਆ ਅਤੇ ਬਾਅਦ ਵਿੱਚ ਅਚਾਨਕ ਤੇਜ਼ ਵਹਾਅ ਨਾਲ ਹੇਠਲੇ ਇਲਾਕਿਆਂ ਵੱਲ ਆ ਗਿਆ। ਇਸ ਨਾਲ ਨਦੀ ਨੇੜਲੇ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























