International News : ਯੁਕਰੇਨ ‘ਚ ਬੱਚਿਆਂ ਦੇ ਹਸਪਤਾਲ ‘ਤੇ ਰੂਸ ਨੇ ਦਾਗ਼ੀ ਮਿਜ਼ਾਇਲ
ਕਈ ਸ਼ਹਿਰਾਂ ‘ਤੇ ਕੀਤੇ ਹਮਲਿਆਂ ‘ਚ 29 ਮੌਤਾਂ 60 ਤੋਂ ਵੱਧ ਜ਼ਖਮੀ
ਨਵੀਂ ਦਿੱਲੀ ,9ਜੁਲਾਈ (ਵਿਸ਼ਵ ਵਾਰਤਾ)International News: ਰੂਸ ਵੱਲੋਂ ਯੂਕਰੇਨ ਦੇ ਕੀਵ ਸ਼ਹਿਰ ‘ਤੇ ਜ਼ਬਰਦਸਤ ਮਿਜਾਇਲ ਹਮਲਾ ਕੀਤਾ ਗਿਆ ਹੈ। ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ, ਇਸ ਹਮਲੇ ਦੇ ਵਿੱਚ ਘੱਟੋ-ਘੱਟ 29 ਲੋਕ ਮਾਰੇ ਗਏ ਹਨ। ਇਸ ਹਮਲੇ ਦੇ ਵਿੱਚ ਬੱਚਿਆਂ ਦੇ ਇੱਕ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਹਮਲੇ ਦੇ ਵਿੱਚ 60 ਤੋਂ ਵੱਧ ਲੋਕ ਜਖਮੀ ਹੋ ਗਏ ਹਨ। ਹਮਲੇ ਤੋਂ ਬਾਅਦ ਸੈਂਕੜੇ ਲੋਕਾਂ ਨੇ ਹਸਪਤਾਲ ਦੇ ਵਿੱਚ ਮਲਵਾ ਹਟਾਉਣ ਦੇ ਵਿੱਚ ਮਦਦ ਕੀਤੀ ਹੈ। ਮਾਪੇ ਆਪਣੇ ਜਖਮੀ ਤੇ ਬਿਮਾਰ ਬੱਚਿਆਂ ਨੂੰ ਫੜ ਕੇ ਬਾਹਰ ਸੜਕ ਦੇ ਉੱਤੇ ਘੁੰਮ ਰਹੇ ਸਨ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਹਸਪਤਾਲ ਵਿੱਚ ਆ ਕੇ ਜ਼ਖਮੀ ਅਤੇ ਬਿਮਾਰ ਲੋਕਾਂ ਦੀ ਮਦਦ ਕੀਤੀ ਹੈ। ਹਾਲਾਂਕਿ ਯੂਕਰੇਨ ਦੇ ਸਭ ਤੋਂ ਵੱਡੇ ਬੱਚਿਆਂ ਦੇ ਇਸ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਅਜੇ ਮੌਤਾਂ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਕੀਵ ਸ਼ਹਿਰ ਦੇ ਕਈ ਇਲਾਕਿਆਂ ਚੋਂ ਧੂਏ ਦੇ ਬੱਦਲ ਉਠਦੇ ਹੋਏ ਦਿਖਾਈ ਦਿੱਤੇ ਹਨ। ਡੋਨੇਸਕ ਖੇਤਰ ਵਿਚ ਵੀ ਰੂਸੀ ਹਮਲੇ ਨਾਲ ਮੌਤਾਂ ਹੋਣ ਦੀ ਖਬਰ ਮਿਲੀ ਹੈ। ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਬਿਜਲੀ ਉਤਪਾਦਕ ਕੰਪਨੀ ਨੇ ਕਿਹਾ ਹੈ ਕਿ, ਰਾਜਧਾਨੀ ਵਿੱਚ ਤਿੰਨ ਸਬ-ਸਟੇਸ਼ਨ ਅਤੇ ਬਿਜਲੀ ਨੈਟਵਰਕ ਨੂੰ ਨੁਕਸਾਨ ਪਹੁੰਚਿਆ ਹੈ। ਦੇਸ਼ ਦੇ ਪਾਵਰ ਗਰਿੱਡ ਨੂੰ ਮਾਰਚ ਵਿੱਚ ਸ਼ੁਰੂ ਹੋਏ ਰੂਸੀ ਹਵਾਈ ਹਮਲਿਆਂ ਤੋਂ ਪਹਿਲਾਂ ਹੀ ਨੁਕਸਾਨ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀਆਂ 40 ਤੋਂ ਵੱਧ ਮਿਜ਼ਾਈਲਾਂ ਨੇ ਪੰਜ ਸ਼ਹਿਰਾਂ – ਕੀਵ, ਡਨੀਪਰੋ, ਕ੍ਰੀਵੀ ਰਿਹ, ਸਲੋਵਿੰਸਕ ਅਤੇ ਕ੍ਰਾਮੇਟੋਰਸਕ ਵਿੱਚ ਅਪਾਰਟਮੈਂਟ ਬਿਲਡਿੰਗਾਂ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।