International: ਬਰਤਾਨੀਆ ਦੀ ਸੰਸਦ ‘ਚੋਂ 700 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ, ਪੜ੍ਹੋ ਵੇਰਵਾ
ਨਵੀਂ ਦਿੱਲੀ, 11 ਮਾਰਚ 2026 (ਵਿਸ਼ਵ ਵਾਰਤਾ) – ਬਰਤਾਨੀਆ ਦੀਆਂ ਸਦੀਆਂ (ਲਗਭਗ 700 ਸਾਲ) ਪੁਰਾਣੀਆਂ ਸਿਆਸੀ ਰਵਾਇਤਾਂ ਅਗਲੇ ਕੁਝ ਹਫ਼ਤਿਆਂ ਵਿੱਚ ਖ਼ਤਮ ਹੋ ਜਾਣਗੀਆਂ। ਅਸਲ ‘ਚ ਯੂਕੇ ਦੀ ਸੰਸਦ ‘ਹਾਊਸ ਆਫ਼ ਲਾਰਡਜ਼’ ਵਿੱਚ ਖ਼ਾਨਦਾਨੀ ਅਮੀਰਾਂ ਲਈ ਰਾਖਵੀਆਂ ਸੀਟਾਂ ਨੂੰ ਖਤਮ ਕਰਨ ਲਈ ਵੋਟ ਹੋਈ ਹੈ। ਇਹ ਇਤਿਹਾਸਕ ਕਦਮ, 700 ਸਾਲ ਪੁਰਾਣੀ ਪਰੰਪਰਾ ਨੂੰ ਖਤਮ ਕਰਨ ਲਈ ਹੋਇਆ ਹੈ, ਇਸ ਕਦਮ ਦਾ ਉਦੇਸ਼ ਉੱਚ ਸਦਨ ਨੂੰ ਵਧੇਰੇ ਲੋਕਤੰਤਰੀ ਅਤੇ ਆਧੁਨਿਕ ਬਣਾਉਣਾ ਹੈ, ਜਿਸ ਨਾਲ ਅਮੀਰ ਅਤੇ ਪ੍ਰਭਾਵਸ਼ਾਲੀ ਪਰਿਵਾਰਾਂ ਦਾ ਪ੍ਰਭਾਵ ਘਟੇਗਾ।
ਮੰਗਲਵਾਰ ਨੂੰ ਬ੍ਰਿਟਿਸ਼ ਸੰਸਦ ਨੇ ਵਿਰਾਸਤੀ ਪੀਅਰਜ਼ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦਾ ਉਦੇਸ਼ ਹਾਊਸ ਆਫ਼ ਲਾਰਡਜ਼ ਵਿੱਚ ਵਿਰਾਸਤੀ ਕੁਲੀਨ ਵਰਗ ਦੀ 700 ਸਾਲਾਂ ਤੋਂ ਵੱਧ ਪੁਰਾਣੀ ਪਰੰਪਰਾ ਨੂੰ ਖਤਮ ਕਰਨਾ ਹੈ। ਲੇਬਰ ਸਰਕਾਰ ਦਾ ’92 ਵਿਰਾਸਤੀ ਲਾਰਡਜ਼’ ਨੂੰ ਹਟਾਉਣ ਦਾ ਫੈਸਲਾ ਲੋਕਤੰਤਰੀ ਸੁਧਾਰਾਂ ਦਾ ਹਿੱਸਾ ਹੈ ਜੋ ਇਸ ਅਮੀਰ ਅਤੇ ਕੁਲੀਨ ਪਰੰਪਰਾ ਨੂੰ ਖਤਮ ਕਰ ਦੇਵੇਗਾ। ਇਸ ਤਹਿਤ ਡਿਊਕ, ਅਰਲ ਅਤੇ ਵਿਸਕਾਊਂਟ ਲਾਂਭੇ ਕੀਤੇ ਜਾਣਗੇ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਰਜਵਾੜਾਸ਼ਾਹੀ ਵਾਇਤਾਂ ਤਹਿਤ ਆਪਣੇ ਸ਼ਾਹੀ ਤਾਬਾਂ ਦੇ ਨਾਲ-ਨਾਲ ਸੰਸਦ ਵਿੱਚ ਸੀਟਾਂ ਵਿਰਾਸਤ ਵਿੱਚ ਮਿਲੀਆਂ ਸਨ।
ਦੱਸ ਦਈਏ ਕਿ 1999 ਵਿੱਚ, ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ 600 ਤੋਂ ਵੱਧ ਖ਼ਾਨਦਾਨੀ ਮੈਂਬਰਾਂ ਨੂੰ ਹਟਾ ਦਿੱਤਾ ਸੀ, ਪਰ 92 ਨੂੰ ਇੱਕ ਅਸਥਾਈ ਸਮਝੌਤੇ ਤਹਿਤ ਬਰਕਰਾਰ ਰੱਖਿਆ ਗਿਆ ਸੀ। ਹੁਣ, ਇਸ ਕਾਨੂੰਨ ਨਾਲ, ਉਨ੍ਹਾਂ ਨੂੰ ਵੀ ਹਟਾ ਦਿੱਤਾ ਜਾਵੇਗਾ। ਬਰਤਾਨੀਆ ਦੇ ਸੰਸਦੀ ਲੋਕਤੰਤਰ ਵਿੱਚ ਹਾਊਸ ਆਫ ਲਾਰਡਜ਼ ਦੀ ਮਹੱਤਵਪੂਰਨ ਭੂਮਿਕਾ ਹੈ। ਇਹ ਚੁਣੇ ਹੋਏ ਹਾਊਸ ਆਫ ਕਾਮਨਜ਼ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦੀ ਡੂੰਘਾਈ ਨਾਲ ਜਾਂਚ ਕਰਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























