ਹਾਕੀ ਵਿਸ਼ਵ ਕੱਪ ਤੋਂ ਬਾਹਰ ਹੋਈ ਟੀਮ ਇੰਡੀਆ, ਅਰਜਨਟੀਨਾ ਨੇ 5-3 ਦੇ ਅੰਤਰ ਨਾਲ ਜਿੱਤਿਆ ਮੁਕਾਬਲਾ
ਨਵੀ ਦਿੱਲੀ, 24 ਅਗਸਤ (ਵਿਸ਼ਵ ਵਾਰਤਾ) : ਭਾਰਤੀ ਪੁਰਸ਼ ਹਾਕੀ ਟੀਮ ਦਾ ਪੁਰਸ਼ ਹਾਕੀ ਵਿਸ਼ਵ ਕੱਪ 2026 ਵਿੱਚ ਸਫ਼ਰ ਖ਼ਤਮ ਹੋ ਗਿਆ ਹੈ। ਅਹਿਮ ਮੁਕਾਬਲੇ ਵਿੱਚ ਅਰਜਨਟੀਨਾ ਨੇ ਭਾਰਤ ਨੂੰ 5-3 ਨਾਲ ਹਰਾ ਦਿੱਤਾ ਹੈ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ ਅਤੇ ਖਿਡਾਰੀਆਂ ਦਾ ਇੱਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਟੁੱਟ ਗਿਆ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ ਨੀਦਰਲੈਂਡਜ਼ ਖ਼ਿਲਾਫ਼ ਮੈਚ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਲਈ ਮੈਚ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਖੇਡ ਸ਼ੁਰੂ ਹੋਣ ਦੇ ਮਹਿਜ਼ 40ਵੇਂ ਸੈਕਿੰਡ ਵਿੱਚ ਅਰਜਨਟੀਨਾ ਦੇ ਤੋਸਕਾਨੀ ਨੇ ਇੱਕ ਫ਼ੀਲਡ ਗੋਲ ਕਰਕੇ ਭਾਰਤ ‘ਤੇ ਦਬਾਅ ਬਣਾ ਦਿੱਤਾ। ਇਸ ਤੋਂ ਤੁਰੰਤ ਬਾਅਦ, 7ਵੇਂ ਮਿੰਟ ਵਿੱਚ ਨਿਕੋਲਸ ਡੇਲਾ ਤੋਰੇ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਅਰਜਨਟੀਨਾ ਦੀ ਬੜ੍ਹਤ 2-0 ਕਰ ਦਿੱਤੀ। ਮੈਚ ਦੇ 10ਵੇਂ ਮਿੰਟ ਵਿੱਚ ਸੁਖਜੀਤ ਸਿੰਘ ਨੇ ਸ਼ਾਨਦਾਰ ਫ਼ੀਲਡ ਗੋਲ ਕਰਕੇ ਭਾਰਤ ਲਈ ਵਾਪਸੀ ਦਾ ਰਾਹ ਖੋਲ੍ਹ ਦਿੱਤਾ।
ਮੈਚ ਦੇ ਤੀਜੇ ਅਤੇ ਚੌਥੇ ਕਵਾਟਰ ਵਿੱਚ ਅਰਜਨਟੀਨਾ ਦੇ ਖਿਡਾਰੀ ਡੋਮੇਨੇ ਪੂਰੀ ਤਰ੍ਹਾਂ ਛਾਏ ਰਹੇ, ਜਦਕਿ ਭਾਰਤੀ ਗੋਲਕੀਪਰ ਮੋਹਿਤ ਨੇ ਕੁਝ ਸ਼ਾਨਦਾਰ ਬਚਾਅ ਵੀ ਕੀਤੇ। ਯਸ਼ਦੀਪ ਦੇ ਫਾਊਲ ਦੀ ਵਜ੍ਹਾ ਕਰਕੇ ਅਰਜਨਟੀਨਾ ਨੂੰ ਪੈਨਲਟੀ ਸਟ੍ਰੋਕ ਮਿਲਿਆ, ਜਿਸ ਨੂੰ ਡੋਮੇਨੇ ਨੇ ਆਸਾਨੀ ਨਾਲ ਗੋਲ ਵਿੱਚ ਬਦਲ ਦਿੱਤਾ। ਆਖ਼ਰੀ ਕਵਾਟਰ ਵਿੱਚ ਭਾਰਤ ਨੇ ਦੋ ਗੋਲ ਜ਼ਰੂਰ ਦਾਗੇ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਅੰਤ ਵਿੱਚ ਭਾਰਤ 5-3 ਨਾਲ ਮੈਚ ਹਾਰ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























