Indian Idol 3 ਦੇ ਜੇਤੂ ਪ੍ਰਸ਼ਾਂਤ ਤਮਾਂਗ ਦਾ ਦਿਹਾਂਤ
– 43 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਨਵੀ ਦਿੱਲੀ, 11 ਜਨਵਰੀ 2026 (ਵਿਸ਼ਵ ਵਾਰਤਾ) – ਮਨੋਰੰਜਨ ਜਗਤ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੰਡੀਅਨ ਆਈਡਲ 3 ਦੇ ਜੇਤੂ ਪ੍ਰਸ਼ਾਂਤ ਤਮਾਂਗ ਦਾ 43 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪੂਰੀ ਇੰਡਸਟਰੀ ‘ਚ ਇੰਨੇ ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਦੇ ਅਚਾਨਕ ਦੇਹਾਂਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ਾਂਤ ਦੀ ਮੌਤ ਨਾਲ ਹਰ ਕੋਈ ਬਹੁਤ ਦੁਖੀ ਹੈ।
ਜਾਣਕਾਰੀ ਅਨੁਸਾਰ, ਪ੍ਰਸ਼ਾਂਤ ਤਮਾਂਗ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਉਹ ਦਿੱਲੀ ਦੇ ਜਨਕਪੁਰੀ ਸਥਿਤ ਆਪਣੇ ਘਰ ਵਿੱਚ ਹੀ ਸਨ ਜਦ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ । ਗਾਇਕ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਦਵਾਰਕਾ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਸ਼ਾਂਤ ਟੀਵੀ ਸ਼ੋਅ ਇੰਡੀਅਨ ਆਈਡਲ ਸੀਜ਼ਨ 3 ਜਿੱਤਣ ਤੋਂ ਬਾਅਦ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਵੈੱਬ ਸੀਰੀਜ਼ ‘ਪਾਤਾਲ ਲੋਕ’ ਦੀ ਦੂਜੀ ਕਿਸ਼ਤ ਵਿੱਚ ਵੀ ਨਜ਼ਰ ਆਏ ਅਤੇ ਸਲਮਾਨ ਖਾਨ ਦੀ ਫਿਲਮ ਬੈਟਲ ਆਫ਼ ਗਲਵਾਨ ਵਿੱਚ ਨਜ਼ਰ ਆਉਣ ਵਾਲੇ ਸਨ।
ਗਾਇਕ ਪ੍ਰਸ਼ਾਂਤ ਤਮਾਂਗ ਦੇ ਦੇਹਾਂਤ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਇੱਕ ਟਵਿੱਟਰ ਪੋਸਟ ਵਿੱਚ, ਉਨ੍ਹਾਂ ਲਿਖਿਆ, “ਅੱਜ ‘ਇੰਡੀਅਨ ਆਈਡਲ’ ਵਿਜੇਤਾ ਅਤੇ ਪ੍ਰਸਿੱਧ ਗਾਇਕ ਪ੍ਰਸ਼ਾਂਤ ਤਮਾਂਗ ਦੇ ਅਚਾਨਕ ਅਤੇ ਬੇਵਕਤੀ ਦੇਹਾਂਤ ‘ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਸਬੰਧ ਸਾਡੇ ਦਾਰਜੀਲਿੰਗ ਨਾਲ ਵੀ ਸੀ। ਮੈਂ ਉਸਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੀ ਹਾਂ। ”






















