IND W vs SA W : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੁਕਾਬਲਾ ਜਾਰੀ
- ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੇ SA ਸਾਹਮਣੇ ਰੱਖਿਆ ਇਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 21 ਜੂਨ 2026 (ਵਿਸ਼ਵ ਵਾਰਤਾ): ਮਹਿਲਾ ਟੀ-20 ਵਿਸ਼ਵ ਕੱਪ 2026 ‘ਚ ਅੱਜ ਭਾਰਤੀ ਮਹਿਲਾ ਟੀਮ ਦਾ ਸਾਹਮਣਾ ਦੱਖਣੀ ਅਫ਼ਰੀਕਾ ਨਾਲ ਹੈ।ਟੀਮ ਇੰਡੀਆ ਆਪਣਾ ਤੀਜਾ ਮੈਚ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਸਾਊਥ ਅਫ਼ਰੀਕਾ ਨਾਲ ਖੇਡ ਰਹੀ ਹੈ। ਭਾਰਤ ਨੇਸਾਊਥ ਅਫ਼ਰੀਕਾ ਨੂੰ 159 ਦੌੜਾਂ ਦਾ ਟੀਚਾ ਦਿੱਤਾ ਹੈ।
ਇਸ ਮੈਚ ਵਿੱਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 158 ਰਨ ਬਣਾਉਣ ਵਿੱਚ ਕਾਮਯਾਬ ਰਹੀ। ਸਾਊਥ ਅਫ਼ਰੀਕਾ ਨੂੰ ਹੁਣ ਇਹ ਮੈਚ ਜਿੱਤਣ ਲਈ 159 ਰਨ ਬਣਾਉਣੇ ਹੋਣਗੇ।
ਭਾਰਤ ਵੱਲੋਂ ਸ਼ੇਫਾਲੀ ਵਰਮਾ ਨੇ ਸਭ ਤੋਂ ਵੱਧ 15 ਗੇਂਦਾਂ ‘ਤੇ 31 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 4 ਚੌਕੇ ਅਤੇ 1 ਛੱਕਾ ਸ਼ਾਮਲ ਰਿਹਾ। ਦੀਪਤੀ ਸ਼ਰਮਾ ਨੇ 29 ਰਨ ਬਣਾਏ। ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ 200ਵੇਂ ਟੀ-20 ਮੈਚ ਵਿੱਚ 24 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਮੰਧਾਨਾ 17 ਰਨ ਬਣਾ ਕੇ ਆਊਟ ਹੋਈ।ਸਾਊਥ ਅਫ਼ਰੀਕਾ ਵੱਲੋਂ ਸ਼ਬਨੀਮ ਇਸਮਾਈਲ ਅਤੇ ਮਾਰੀਜ਼ਾਨ ਕੈਪ ਨੇ 2-2 ਵਿਕਟਾਂ ਲਈਆਂ। ਆਯਾਬੋਂਗਾ ਖਾਕਾ, ਨਦੀਨ ਡੀ ਕਲਰਕ ਅਤੇ ਨੋਨਕੁਲੁਲੇਕੋ ਮਲਾਬਾ ਨੂੰ 1-1 ਵਿਕਟ ਮਿਲੀ।
ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਲਈ ਇਹ ਮੈਚ ਕਾਫ਼ੀ ਖ਼ਾਸ ਹੈ। ਉਹ ਆਪਣੇ ਕਰੀਅਰ ਦਾ 200ਵਾਂ ਟੀ-20 ਇੰਟਰਨੈਸ਼ਨਲ ਮੈਚ ਖੇਡ ਰਹੀ ਹੈ। ਉਹ ਪੁਰਸ਼ ਅਤੇ ਮਹਿਲਾ ਕ੍ਰਿਕਟ ਵਿੱਚ 200 ਟੀ-20 ਇੰਟਰਨੈਸ਼ਨਲ ਮੈਚ ਖੇਡਣ ਵਾਲੀ ਪਹਿਲੀ ਖਿਡਾਰੀ ਬਣੀ ਹੈ। ਇਸ ਮੈਚ ਲਈ ਟੀਮ ਇੰਡੀਆ ਨੇ ਆਪਣੀ ਪਲੇਇੰਗ XI ਵਿੱਚ ਦੋ ਬਦਲਾਅ ਕੀਤੇ ਹਨ। ਪ੍ਰੇਮਾ ਰਾਵਤ ਅੱਜ ਆਪਣਾ ਇੰਟਰਨੈਸ਼ਨਲ ਡੈਬਿਊ (ਸ਼ੁਰੂਆਤ) ਕਰ ਰਹੀ ਹੈ। ਉੱਥੇ ਹੀ ਅਰੁੰਧਤੀ ਰੈੱਡੀ ਨੂੰ ਵੀ ਪਲੇਇੰਗ XI ਵਿੱਚ ਸ਼ਾਮਲ ਕੀਤਾ ਗਿਆ ਹੈ।























