IND W – ENG W Day 3: ਮਜ਼ਬੂਤ ਸਥਿਤੀ ‘ਚ ਭਾਰਤੀ ਮਹਿਲਾ ਟੀਮ; ਯਸਤਿਕਾ ਭਾਟੀਆ ਸੈਂਕੜੇ ਦੇ ਕਰੀਬ
– ਮੰਧਾਨਾ ਨੇ ਬਣਾਈਆਂ 70 ਦੌੜਾਂ; ਜਾਣੋ ਲੰਚ ਬ੍ਰੇਕ ਤੱਕ ਭਾਰਤ ਦਾ ਸਕੋਰ
ਨਵੀ ਦਿੱਲੀ, 12 ਜੁਲਾਈ 2026 (ਵਿਸ਼ਵ ਵਾਰਤਾ): ਭਾਰਤੀ ਮਹਿਲਾ ਟੀਮ ਅਤੇ ਇੰਗਲੈਂਡ ਮਹਿਲਾ ਟੀਮ ਵਿਚਾਲੇ ਇੰਗਲੈਂਡ ਦੇ ਲਾਰਡਸ ਮੈਦਾਨ ‘ਤੇ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਮੁਕਾਬਲੇ ਦਾ ਅੱਜ ਤੀਜਾ ਦਿਨ ਹੈ, ਜਿੱਥੇ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 250/4 ਦੌੜਾਂ ਬਣਾ ਲਈਆਂ ਹਨ।
ਯਸਤਿਕਾ ਭਾਟੀਆ ਆਪਣੇ ਸੈਂਕੜੇ ਦੇ ਕਰੀਬ ਹੈ। ਸਮ੍ਰਿਤੀ ਮੰਧਾਨਾ ਦੂਜੀ ਪਾਰੀ ਵਿੱਚ ਵੀ ਸੈਂਕੜਾ ਬਣਾਉਣ ਤੋਂ ਖੁੰਝ ਗਈ ਹੈ। ਉਹ 70 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਦੂਜੀ ਪਾਰੀ ਵਿੱਚ ਭਾਰਤ ਦੀ ਪਹਿਲੀ ਵਿਕਟ ਸ਼ੇਫਾਲੀ ਵਰਮਾ (33) ਦੇ ਰੂਪ ਵਿੱਚ ਡਿੱਗੀ ਸੀ। ਹੁਣ ਤੀਜੀ ਵਿਕਟ ਵਜੋਂ ਜੇਮੀਮਾ ਰੌਡਰਿਗਜ਼ (3) ਵੀ ਪੈਵੇਲੀਅਨ ਪਰਤ ਗਈ ਹੈ। ਉਸ ਨੂੰ ਲੌਰੇਨ ਬੈੱਲ ਨੇ ਆਊਟ ਕੀਤਾ।
ਯਸਤਿਕਾ ਭਾਟੀਆ ਸੈਂਕੜੇ ਦੇ ਕਰੀਬ 91 ਦੌੜਾਂ ‘ਤੇ ਖੇਡ ਰਹੀ ਹੈ। ਹਰਮਨਪ੍ਰੀਤ ਕੌਰ 16 ਦੌੜਾਂ ਬਣਾ ਕੇ ਸੋਫੀ ਦਾ ਸ਼ਿਕਾਰ ਬਣੀ। ਲੰਚ ਬ੍ਰੇਕ (ਦੁਪਹਿਰ ਦੇ ਖਾਣੇ ਦੀ ਛੁੱਟੀ) ਤੱਕ ਭਾਰਤ ਦੀ ਲੀਡ 365 ਦੌੜਾਂ ਹੋ ਗਈ ਹੈ। ਦੀਪਤੀ ਸ਼ਰਮਾ 10 ਦੌੜਾਂ ਬਣਾ ਕੇ ਯਸਤਿਕਾ ਦਾ ਸਾਥ ਦੇ ਰਹੀ ਹੈ।
ਦੱਸ ਦਈਏ ਕਿ 10 ਜੁਲਾਈ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਇਸ ਮੁਕਾਬਲੇ ਵਿੱਚ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਨੇ ਅਰਧ-ਸੈਂਕੜੇ ਵਾਲੀ ਪਾਰੀ ਖੇਡੀ। ਮੰਧਾਨਾ ਨੇ ਪਹਿਲੀ ਪਾਰੀ ਵਿੱਚ 83 ਦੌੜਾਂ ਬਣਾਈਆਂ, ਜਦਕਿ ਕਪਤਾਨ ਕੌਰ ਦੇ ਬੱਲੇ ਤੋਂ 58 ਦੌੜਾਂ ਨਿਕਲੀਆਂ। ਦੀਪਤੀ ਸ਼ਰਮਾ ਨੇ ਵੀ 57 ਦੌੜਾਂ ਦੀ ਅਰਧ-ਸੈਂਕੜੇ ਵਾਲੀ ਪਾਰੀ ਖੇਡੀ। ਭਾਰਤ ਦੀਆਂ ਪਹਿਲੀ ਪਾਰੀ ਦੀਆਂ 285 ਦੌੜਾਂ ਦੇ ਜਵਾਬ ਵਿੱਚ ਇੰਗਲੈਂਡ ਦੀ ਪਹਿਲੀ ਪਾਰੀ ਸਿਰਫ਼ 170 ਦੌੜਾਂ ‘ਤੇ ਸਿਮਟ ਗਈ। ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























