Ind VS SA : ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ ‘ਚ ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ
ਨਵੀ ਦਿੱਲੀ, 6 ਦਸੰਬਰ 2025 (ਵਿਸ਼ਵ ਵਾਰਤਾ): ਭਾਰਤ ਅਤੇ ਦੱਖਣੀ ਅਫਰੀਕਾ (Ind VS SA) ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਆਖਰੀ ਮੈਚ ਸ਼ਨੀਵਾਰ (6 ਦਸੰਬਰ) ਨੂੰ ਵਿਸ਼ਾਖਾਪਟਨਮ ਦੇ ਡਾ. ਵਾਈਐਸ ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਨੇ ਵਿਸ਼ਾਖਾਪਟਨਮ ਵਿੱਚ ਤੀਜੇ ਇੱਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੱਖਣੀ ਅਫਰੀਕਾ ਸਿਰਫ਼ 270 ਦੌੜਾਂ ਹੀ ਬਣਾ ਸਕਿਆ।
ਭਾਰਤੀ ਟੀਮ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤਿਆ। ਯਸ਼ਸਵੀ ਜੈਸਵਾਲ ਨੇ ਭਾਰਤੀ ਟੀਮ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ। ਯਸ਼ਸਵੀ ਨੇ 121 ਗੇਂਦਾਂ ‘ਤੇ ਅਜੇਤੂ 116 ਦੌੜਾਂ ਬਣਾਈਆਂ, ਜਿਸ ਵਿੱਚ 12 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਇਹ ਯਸ਼ਸਵੀ ਦਾ ਆਪਣੇ ਇੱਕ ਰੋਜ਼ਾ ਕਰੀਅਰ ਦਾ ਪਹਿਲਾ ਸੈਂਕੜਾ ਸੀ। ਵਿਰਾਟ ਕੋਹਲੀ (ਅਜੇਤੂ 65) ਅਤੇ ਰੋਹਿਤ ਸ਼ਰਮਾ (75 ਦੌੜਾਂ) ਨੇ ਵੀ ਬੱਲੇ ਨਾਲ ਵਧੀਆ ਪ੍ਰਦਰਸ਼ਨ ਕੀਤਾ।
ਇਸ ਜਿੱਤ ਦੇ ਨਾਲ, ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ 2-1 ਦੀ ਬੜ੍ਹਤ ਬਣਾਈ। ਦੱਸ ਦਈਏ ਕਿ ਰੋਹਿਤ ਸ਼ਰਮਾ ਨੇ 15ਵੇਂ ਓਵਰ ਵਿੱਚ 20,000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ, ਓਥਨੀਅਲ ਬਾਰਟਮੈਨ ਦੇ ਓਵਰ ਦੀ ਤੀਜੀ ਗੇਂਦ ‘ਤੇ ਚੌਕਾ ਮਾਰਿਆ। ਰੋਹਿਤ ਤੋਂ ਪਹਿਲਾਂ ਸਚਿਨ ਤੇਂਦੁਲਕਰ (34357 ਦੌੜਾਂ), ਵਿਰਾਟ ਕੋਹਲੀ (27910 ਦੌੜਾਂ) ਅਤੇ ਰਾਹੁਲ ਦ੍ਰਾਵਿੜ (27910 ਦੌੜਾਂ) ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਉਹ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਵਿਰਾਟ ਕੋਹਲੀ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਚੌਥੇ ਭਾਰਤੀ ਅਤੇ ਦੁਨੀਆ ਦੇ 14 ਵੇਂ ਬੱਲੇਬਾਜ਼ ਬਣ ਗਏ। ਰੋਹਿਤ ਸ਼ਰਮਾ ਨੇ ਤੀਜੇ ਵਨਡੇ ਵਿੱਚ 73 ਗੇਂਦਾਂ ਵਿੱਚ 75 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















