ICC ਦਾ ਇਤਿਹਾਸਕ ਫੈਸਲਾ, ਮਹਿਲਾ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ 297% ਦਾ ਵਾਧਾ
– ਕਿਸਨੂੰ ਮਿਲਣਗੇ ਕਿੰਨੇ ਪੈਸੇ ? ਪੜ੍ਹੋ ਸਾਰੀ detail
ਨਵੀ ਦਿੱਲੀ, 1 ਸਤੰਬਰ 2025 (ਵਿਸ਼ਵ ਵਾਰਤਾ): ਮਹਿਲਾ ਵਿਸ਼ਵ ਕੱਪ 2025 ਦੀ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮਹਿਲਾ ਵਨਡੇ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਪੁਰਸ਼ਾਂ ਨਾਲੋਂ ਵੱਧ ਹੋ ਗਈ ਹੈ। ਟੂਰਨਾਮੈਂਟ ਦੀ ਇਨਾਮੀ ਰਾਸ਼ੀ ਵਿੱਚ 297% ਦਾ ਵਾਧਾ ਕੀਤਾ ਗਿਆ ਹੈ। ਆਈਸੀਸੀ (ICC) ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਆਈਸੀਸੀ ਨੇ ਮਹਿਲਾ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਵਧਾ ਕੇ 13.88 ਮਿਲੀਅਨ ਡਾਲਰ ਕਰ ਦਿੱਤੀ ਹੈ ਜੋ ਕਿ ਭਾਰਤੀ ਰੁਪਏ ਵਿੱਚ 122 ਕਰੋੜ ਰੁਪਏ ਤੋਂ ਵੱਧ ਹੈ। ਆਈਸੀਸੀ ਪ੍ਰਧਾਨ ਜੈ ਸ਼ਾਹ ਨੇ ਇਹ ਫੈਸਲਾ ਲੈ ਕੇ ਮਹਿਲਾ ਕ੍ਰਿਕਟ ਨੂੰ ਇੱਕ ਵੱਖਰੇ ਪੱਧਰ ‘ਤੇ ਪਹੁੰਚਾ ਦਿੱਤਾ ਹੈ। 2022 ਵਿੱਚ ਨਿਊਜ਼ੀਲੈਂਡ ਵਿੱਚ ਹੋਏ ਪਿਛਲੇ ਵਿਸ਼ਵ ਕੱਪ ਵਿੱਚ ਮਹਿਲਾ ਵਿਸ਼ਵ ਕੱਪ ਲਈ ਕੁੱਲ ਇਨਾਮੀ ਰਾਸ਼ੀ 3.5 ਮਿਲੀਅਨ ਡਾਲਰ ਸੀ, ਹੁਣ ਇਸਨੂੰ ਵਧਾ ਕੇ 13.88 ਮਿਲੀਅਨ ਡਾਲਰ ਕਰ ਦਿੱਤਾ ਗਿਆ ਹੈ।
30 ਸਤੰਬਰ ਤੋਂ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣ ਵਾਲੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ 2025 ਵਿੱਚ ਕੁੱਲ 13.88 ਮਿਲੀਅਨ ਡਾਲਰ (ਲਗਭਗ 122 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਇਸ ਸਾਲ ਦੀ ਮਹਿਲਾ ਇੱਕ ਰੋਜ਼ਾ ਵਿਸ਼ਵ ਚੈਂਪੀਅਨ ਟੀਮ ਨੂੰ 4.48 ਮਿਲੀਅਨ ਡਾਲਰ (ਲਗਭਗ 39.55 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਮਿਲੇਗੀ। ਇਹ ਇਸ ਟੂਰਨਾਮੈਂਟ ਵਿੱਚ ਦਿੱਤੇ ਜਾਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਹੈ।
ਇਸ ਮਹਿਲਾ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਨੂੰ 2.24 ਮਿਲੀਅਨ ਡਾਲਰ (ਲਗਭਗ 19.77 ਕਰੋੜ ਰੁਪਏ) ਮਿਲਣਗੇ। ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ 1.12 ਮਿਲੀਅਨ ਡਾਲਰ (ਲਗਭਗ 9.89 ਕਰੋੜ ਰੁਪਏ) ਮਿਲਣਗੇ।
ਗਰੁੱਪ ਪੜਾਅ ਜਿੱਤਣ ਵਾਲੀਆਂ ਟੀਮਾਂ ਨੂੰ $34,314 (ਲਗਭਗ 30.29 ਲੱਖ ਰੁਪਏ) ਮਿਲਣਗੇ। ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ $700,000 (ਲਗਭਗ 62 ਲੱਖ ਰੁਪਏ) ਅਤੇ ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ $280,000 (ਲਗਭਗ 24.71 ਲੱਖ ਰੁਪਏ) ਮਿਲਣਗੇ। ਹਰੇਕ ਭਾਗੀਦਾਰ ਟੀਮ ਨੂੰ $250,000 (ਲਗਭਗ 22 ਲੱਖ ਰੁਪਏ) ਮਿਲਣਗੇ।
ਆਈਸੀਸੀ ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ, “ਇਹ ਐਲਾਨ ਮਹਿਲਾ ਕ੍ਰਿਕਟ ਦੇ ਸਫ਼ਰ ਵਿੱਚ ਇੱਕ ਫੈਸਲਾਕੁੰਨ ਮੀਲ ਪੱਥਰ ਸਾਬਤ ਹੋਵੇਗਾ।” ਜੈ ਸ਼ਾਹ ਨੇ ਕਿਹਾ, “ਇਨਾਮੀ ਰਾਸ਼ੀ ਵਿੱਚ ਵਾਧਾ ਮਹਿਲਾ ਕ੍ਰਿਕਟ ਲਈ ਇੱਕ ਇਤਿਹਾਸਕ ਪਲ ਹੈ ਅਤੇ ਇਸਦੇ ਲੰਬੇ ਸਮੇਂ ਦੇ ਵਿਕਾਸ ਪ੍ਰਤੀ ਸਾਡੀ ਸਪੱਸ਼ਟ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























