ਗੁਰਬਾਣੀ – Hukamnama Sri Darbar Sahib Today
Amrit Vele Da Hukamnama Sri Darbar Sahib | November | Date 12-11-2025 | Ang 592
ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥ ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥ ਮਃ ੩ ॥ ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥ ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥ ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥ ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥ ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥ ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥ ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥ ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥
ਅਰਥ: ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਉਹ ਸਦਾ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ; ਚਿੰਤਾ ਤੋਂ ਰਹਿਤ (ਕਰਨ ਵਾਲੇ) ਹਰੀ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ ਤੇ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ। ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਭੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ। ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ। ਦਾਸ ਨਾਨਕ (ਭੀ) ਉਸ ਹਰੀ ਦਾ ਦਾਸ ਹੈ, ਹਰੀ ਮੇਹਰ ਕਰ ਕੇ (ਆਪਣੇ ਦਾਸ ਦੀ) ਲਾਜ ਰੱਖਦਾ ਹੈ।1। ਅਹੰਕਾਰ ਵਿਚ ਰਿਹਾਂ ਮਨੁੱਖ ਦੇ ਮਨ ਵਿਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਅਸ਼ਾਂਤੀ ਵਿਚ ਹੀ ਗੁਜ਼ਰ ਜਾਂਦੀ ਹੈ; ਅਹੰਕਾਰ (ਮਨੁੱਖ ਲਈ) ਇਕ ਤਗੜਾ ਰੋਗ ਹੈ (ਇਸ ਰੋਗ ਵਿਚ ਹੀ) ਮਨੁੱਖ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ (ਭਾਵ, ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ)। ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦਾ ਸੰਸਕਾਰ-ਰੂਪ ਲੇਖ) ਉੱਕਰਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈ (ਤੇ ਸਤਿਗੁਰੂ ਦੇ ਮਿਲਿਆਂ) ਪਰਮਾਤਮਾ (ਭੀ) ਆ ਮਿਲਦਾ ਹੈ; ਹੇ ਨਾਨਕ! ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਸਤਿਗੁਰੂ ਦੀ ਕਿਰਪਾ ਨਾਲ (‘ਹਉਮੈ ਰੋਗ’ ਤੋਂ) ਬਚ ਜਾਂਦੇ ਹਨ।2। ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ, ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ (ਰਾਖਾ) ਹੈ; ਅਸੀਂ ਉਸ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿਚ ਹੀ ਸਾਡਾ ਮਨ ਰੱਤਾ ਹੋਇਆ ਹੈ। ਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁੱਝਦਾ ਨਹੀਂ, ਨਾਮ ਹੀ ਅਖ਼ੀਰ ਵੇਲੇ ਛਡਾਉਂਦਾ ਹੈ। ਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਉ, ਜਿਸ ਗੁਰੂ ਨੇ ਸਾਨੂੰ ਨਾਮ ਬਖ਼ਸ਼ਿਆ ਹੈ। ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ।16।
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Read all Previous Hukamnamas
Learn more at the official Shiromani Gurdwara Parbandhak Committee (SGPC) 🡥




















