Himachal : ਸਵਾਰੀਆਂ ਨਾਲ ਭਰੀ ਬੱਸ ‘ਤੇ ਡਿੱਗਿਆ ਪਹਾੜ ਦਾ ਮਲਬਾ; 15 ਲੋਕਾਂ ਦੀ ਮੌਤ
– PM ਮੋਦੀ ਨੇ ਹਾਦਸੇ ‘ਤੇ ਜਤਾਇਆ ਦੁੱਖ; ਮੁਆਵਜ਼ੇ ਦਾ ਕੀਤਾ ਐਲਾਨ
ਹਿਮਾਚਲ, 8 ਅਕਤੂਬਰ 2025 (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਬੀਤੀ ਸ਼ਾਮ ਇੱਕ ਯਾਤਰੀ ਬੱਸ ਤੇ ਪਹਾੜ ਦਾ ਮਲਬਾ ਡਿੱਗ ਗਿਆ। ਇਸ ਘਟਨਾ ‘ਚ ਪੰਦਰਾਂ ਮੌਤਾਂ ਦੀ ਪੁਸ਼ਟੀ ਹੋਈ ਹੈ। ਬੱਸ ਦੇ ਅੰਦਰ ਫਸੇ ਦੋ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ SDRF, ਪੁਲਿਸ ਅਤੇ ਸਥਾਨਕ ਨਿਵਾਸੀਆਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। NDRF ਦੀ ਇੱਕ ਟੀਮ ਵੀ ਘਟਨਾ ਸਥਾਨ ‘ਤੇ ਪਹੁੰਚੀ।
ਦਰਅਸਲ, ਬਿਲਾਸਪੁਰ ਸਮੇਤ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੰਗਲਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ। ਜਿਸ ਕਾਰਨ ਸ਼ਾਮ ਕਰੀਬ 6:25 ਵਜੇ, ਬਰਥੀ ਦੇ ਨੇੜੇ ਭਲੂ ਵਿੱਚ ਅਚਾਨਕ ਪਹਾੜੀ ਮਲਬਾ ਇੱਕ ਬੱਸ ਉੱਤੇ ਡਿੱਗ ਪਿਆ। ਬੱਸ ਮਰੋਟਨ ਤੋਂ ਘੁਮਾਰਵੀ ਜਾ ਰਹੀ ਸੀ। ਬਿਲਾਸਪੁਰ ਦੇ ਐਸਪੀ ਸੰਦੀਪ ਧਵਲ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 9 ਪੁਰਸ਼, 4 ਔਰਤਾਂ, 2 ਮੁੰਡੇ ਸ਼ਾਮਲ ਹਨ, ਜਦੋਂ ਕਿ ਦੋ ਬੱਚੇ (ਇੱਕ ਲੜਕਾ ਅਤੇ ਇੱਕ ਲੜਕੀ) ਜ਼ਖਮੀ ਹੋਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਹੋਏ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਇਸ ਮੁਸ਼ਕਲ ਸਮੇਂ ਦੌਰਾਨ ਮੇਰੀਆਂ ਸੰਵੇਦਨਾਵਾਂ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।” ਉਨ੍ਹਾਂ ਅੱਗੇ ਲਿਖਿਆ, “ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























