Himachal ‘ਚ ਵੱਡਾ ਹਾਦਸਾ, 200 ਮੀਟਰ ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
ਇੱਕ ਦੀ ਮੌਤ; ਕਈ ਯਾਤਰੀ ਜ਼ਖਮੀ

ਹਿਮਾਚਲ ਪ੍ਰਦੇਸ਼, 17 ਜੂਨ (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਅੱਜ (ਮੰਗਲਵਾਰ) ਸਵੇਰੇ ਭਾਰੀ ਮੀਂਹ ਦੌਰਾਨ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 17 ਯਾਤਰੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਰਾਜਗੀਰ ਚੰਦ (56) ਪੁੱਤਰ ਬ੍ਰਹਮਲਾਲ, ਵਾਸੀ ਬਿਲਾਸਪੁਰ ਵਜੋਂ ਹੋਈ ਹੈ।
ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ । ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੀਂਹ ਕਾਰਨ ਬੱਸ ਮੋੜ ‘ਤੇ ਫਿਸਲ ਗਈ ਅਤੇ ਖੱਡ ਵਿੱਚ ਡਿੱਗ ਗਈ।
ਡੀਐਸਪੀ ਸਰਕਾਘਾਟ ਨੇ ਦੱਸਿਆ ਕਿ ਇਹ ਨਿੱਜੀ ਬੱਸ ਜਾਹੂ ਤੋਂ ਮੰਡੀ ਰੂਟ ‘ਤੇ ਆ ਰਹੀ ਸੀ। ਪਟਡੀਘਾਟ ਇਲਾਕੇ ਵਿੱਚ ਪਹੁੰਚਣ ‘ਤੇ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਫਿਸਲ ਕੇ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬੱਸ ਵਿੱਚ 20 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸੇ ਵਿੱਚ 17 ਲੋਕ ਜ਼ਖਮੀ ਹੋਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।






















