Haryana : ਮਸ਼ਹੂਰ ਹਰਿਆਣਵੀ ਗਾਇਕ ਮੋਹਾਲੀ ਤੋਂ ਗ੍ਰਿਫ਼ਤਾਰ
ਹਰਿਆਣਾ, 17 ਫਰਵਰੀ 2026 (ਵਿਸ਼ਵ ਵਾਰਤਾ) – ਹਰਿਆਣਵੀ ਸਿੰਗਰ ਵਿਵੇਕ ਉਰਫ਼ ਹਰਸ਼ ਬੁਬਕਾ ਨੂੰ ਯਮੁਨਾਨਗਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੋਹਾਲੀ ਸਥਿਤ ਉਸ ਦੇ ਫਲੈਟ ਵਿੱਚ ਛਾਪਾ ਮਾਰ ਕੇ ਵਿਵੇਕ ਸਮੇਤ ਉਸ ਦੇ 2 ਹੋਰ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਏ.ਐੱਸ.ਪੀ ਅਮਰਿੰਦਰ ਸਿੰਘ ਨੇ ਦੱਸਿਆ ਕਿ 7 ਫਰਵਰੀ ਨੂੰ ਯਮੁਨਾਨਗਰ ਦੇ ਇੱਕ ਹਸਪਤਾਲ ਅਤੇ ਸਿਟੀ ਮਾਲ ਵਿੱਚ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ। ਵਿਵੇਕ ਨੇ ਇਨ੍ਹਾਂ ਬਦਮਾਸ਼ਾਂ ਨੂੰ ਹਥਿਆਰ ਅਤੇ ਰੁਪਏ ਮੁਹੱਈਆ ਕਰਵਾਏ ਸਨ। ਪੁਲਿਸ ਤੋਂ ਬਚਾਉਣ ਲਈ ਸਿੰਗਰ ਨੇ ਇਨ੍ਹਾਂ ਮੁਲਜ਼ਮਾਂ ਨੂੰ ਇੱਕ ਕਮਰਾ ਵੀ ਦਿਵਾਇਆ ਸੀ।
ਦੱਸ ਦਈਏ ਕਿ ਸੱਤ ਫਰਵਰੀ ਨੂੰ ਦੇਰ ਰਾਤ ਰੇਲਵੇ ਰੋਡ ਸਥਿਤ ਇੱਕ ਨਿੱਜੀ ਮਲਟੀ-ਸਪੈਸ਼ਲਿਟੀ ਹਸਪਤਾਲ ਅਤੇ ਸਿਟੀ ਮਾਲ ਦੇ ਬਾਹਰ ਫਾਇਰਿੰਗ ਹੋਈ ਸੀ। ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਹਸਪਤਾਲ ਦੇ ਅੰਦਰ ਵੜ ਕੇ ਕਰੀਬ 13-14 ਰਾਊਂਡ ਗੋਲੀਆਂ ਚਲਾਈਆਂ ਸਨ। ਫਿਰ ਕੁਝ ਦੇਰ ਬਾਅਦ ਸਿਟੀ ਮਾਲ ਦੇ ਬਾਹਰ ਫਾਇਰਿੰਗ ਕਰਕੇ ਗੈਂਗਸਟਰ ਦੇ ਨਾਮ ਦੀ ਪਰਚੀ ਸੁੱਟ ਕੇ ਮੁਲਜ਼ਮ ਫ਼ਰਾਰ ਹੋ ਗਏ ਸਨ। ਇਹ ਪੂਰੀ ਵਾਰਦਾਤ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸ ਦੇ ਅਧਾਰ ‘ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਭਾਲ ਸ਼ੁਰੂ ਕਰ ਦਿੱਤੀ।
ਅਗਲੇ ਦਿਨ ਯਾਨੀ 8 ਫਰਵਰੀ ਨੂੰ ਪਿੰਡ ਸੁੜੈਲ ਦੇ ਕੋਲ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਕੁਝ ਬਦਮਾਸ਼ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਏ ਸਨ। ਫੜੇ ਗਏ ਮੁਲਜ਼ਮਾਂ ਨੇ ਪੁਲਿਸ ਪੁੱਛਗਿੱਛ ਵਿੱਚ ਗਾਇਕ ਵਿਵੇਕ ਦਾ ਨਾਮ ਲਿਆ ਸੀ।
ਦੂਜੇ ਪਾਸੇ, ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨਾਲ ਸਬੰਧ ਸਨ। ਉਨ੍ਹਾਂ ਦੇ ਇਸ਼ਾਰੇ ‘ਤੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/



















