
Haryana : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਮਸ਼ਹੂਰ ਯੂਟਿਊਬਰ ਗ੍ਰਿਫ਼ਤਾਰ
ਹਰਿਆਣਾ, 17 ਮਈ (ਵਿਸ਼ਵ ਵਾਰਤਾ): ਸੋਸ਼ਲ ਮੀਡੀਆ ‘ਤੇ ਸਰਗਰਮ ਹਰਿਆਣਾ (Haryana) ਦੀ ਇੱਕ ਮਸ਼ਹੂਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋਤੀ ‘ਤੇ ਪਾਕਿਸਤਾਨੀ ਖੁਫੀਆ ਏਜੰਟਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਗੰਭੀਰ ਦੋਸ਼ ਹਨ। ਇਸ ਵਿੱਚ ਯੂਟਿਊਬਰ ਜੋਤੀ ਮਲਹੋਤਰਾ ਅਤੇ ਉਸਦੇ ਪੰਜ ਹੋਰ ਸਾਥੀ ਵੀ ਸ਼ਾਮਲ ਹਨ।
ਜੋਤੀ ਨੂੰ ਹਿਸਾਰ ਦੇ ਨਿਊ ਅਗਰਸੇਨ ਐਕਸਟੈਂਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜੋਤੀ ਹਿਸਾਰ ਦੀ ਰਹਿਣ ਵਾਲੀ ਹੈ। ਹਿਸਾਰ ਪੁਲਿਸ ਨੇ ਸ਼ਨੀਵਾਰ ਨੂੰ ਜੋਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸਨੂੰ 5 ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ। ਹਿਸਾਰ ਪੁਲਿਸ ਦੇ ਅਨੁਸਾਰ, ‘ਜਯੋਤੀ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਸੰਪਰਕ ਵਿੱਚ ਸੀ।’ ਉਹ ਸੋਸ਼ਲ ਮੀਡੀਆ ਰਾਹੀਂ ਭਾਰਤ ਦੀ ਗੁਪਤ ਜਾਣਕਾਰੀ ਭੇਜ ਰਹੀ ਸੀ। ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕੀ ਜੋਤੀ ‘ਤੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਸੀ। ਜੋਤੀ ਸਿੱਖ ਸ਼ਰਧਾਲੂਆਂ ਦੇ ਇੱਕ ਜੱਥੇ ਨਾਲ ਦੋ ਵਾਰ ਪਾਕਿਸਤਾਨ ਗਈ। ਇਸ ਤੋਂ ਇਲਾਵਾ, ਉਹ ਇੱਕ ਵਾਰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਵੀ ਉੱਥੇ ਗਈ ਸੀ।
ਜੋਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ 2023 ਵਿੱਚ ਵੀਜ਼ਾ ਲੈਣ ਲਈ ਪਾਕਿਸਤਾਨ ਹਾਈ ਕਮਿਸ਼ਨ ਗਈ ਸੀ। ਉੱਥੇ ਉਸਦੀ ਮੁਲਾਕਾਤ ਅਹਿਸਾਨ ਉਰ ਰਹੀਮ ਉਰਫ਼ ਦਾਨਿਸ਼ ਨਾਲ ਹੋਈ। ਉਸਨੇ ਦਾਨਿਸ਼ ਦਾ ਮੋਬਾਈਲ ਨੰਬਰ ਲੈ ਲਿਆ। ਦੋਵੇਂ ਗੱਲਬਾਤ ਕਰਨ ਲੱਗ ਪਏ। ਇਸ ਤੋਂ ਬਾਅਦ ਉਹ ਦੋ ਵਾਰ ਪਾਕਿਸਤਾਨ ਗਈ। ਜੋਤੀ ਨੇ ਦੱਸਿਆ ਕਿ ਦਾਨਿਸ਼ ਦੀ ਸਲਾਹ ‘ਤੇ, ਉਹ ਪਾਕਿਸਤਾਨ ਵਿੱਚ ਉਸਦੇ ਜਾਣਕਾਰ ਅਲੀ ਅਹਵਾਨ ਨੂੰ ਮਿਲੀ। ਅਲੀ ਅਹਿਵਾਨ ਨੇ ਉਸਦੀ ਯਾਤਰਾ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ। ਅਲੀ ਅਹਿਵਾਨ ਨੇ ਪਾਕਿਸਤਾਨੀ ਖੁਫੀਆ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਦਾ ਪ੍ਰਬੰਧ ਕੀਤਾ। ਜੋਤੀ ਨੇ ਦੱਸਿਆ ਕਿ ਉਹ ਰਾਣਾ ਸ਼ਾਹਬਾਜ਼ ਅਤੇ ਸ਼ਾਕਿਰ ਨੂੰ ਵੀ ਮਿਲੀ। ਉਸਨੇ ਸ਼ਾਕਿਰ ਦਾ ਮੋਬਾਈਲ ਨੰਬਰ ਵੀ ਲੈ ਲਿਆ। ਭਾਰਤ ਵਾਪਸ ਆਉਣ ਤੋਂ ਬਾਅਦ, ਉਹ ਵਟਸਐਪ, ਸਨੈਪਚੈਟ ਅਤੇ ਟੈਲੀਗ੍ਰਾਮ ਰਾਹੀਂ ਉਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਰਹਿਣ ਲੱਗੀ ਅਤੇ ਦੇਸ਼ ਵਿਰੋਧੀ ਜਾਣਕਾਰੀ ਉਨ੍ਹਾਂ ਤੱਕ ਪਹੁਚਾਉਣ ਲੱਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























