Haryana: ਨਿੱਜੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, ਕਈ ਲੋਕ ਜ਼ਖਮੀ
ਹਰਿਆਣਾ, 7 ਮਈ (ਵਿਸ਼ਵ ਵਾਰਤਾ): ਭਿਵਾਨੀ ਤੋਂ ਤੋਸ਼ਾਮ ਜਾ ਰਹੀ ਪ੍ਰਾਈਵੇਟ ਬੱਸ ਦੀ ਪਿੰਡ ਬਾਪੋੜਾ ਦੇ ਨੇੜੇ ਟਰੱਕ ਨਾਲ ਟੱਕਰ ਹੋ ਗਈ। ਇਹ ਹਾਦਸਾ ਵੀਰਵਾਰ ਦੁਪਹਿਰ ਤੋਂ ਬਾਅਦ ਵਾਪਰਿਆ। ਸੜਕ ‘ਤੇ ਜਾ ਰਹੇ ਟਰੱਕ ਨੂੰ ਪ੍ਰਾਈਵੇਟ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਵਿੱਚ ਸਵਾਰ ਇਕ ਮਹਿਲਾ ਸਮੇਤ ਤਿੰਨ ਸਵਾਰੀਆਂ ਜ਼ਖਮੀ ਹੋ ਗਈਆਂ।
ਹਾਦਸੇ ‘ਚ ਜ਼ਖਮੀ ਮਹਿਲਾ ਨੂੰ ਇਲਾਜ ਲਈ ਜ਼ਿਲ੍ਹਾ ਸਿਵਲ ਹਸਪਤਾਲ ਲਿਆਂਦਾ ਗਿਆ, ਜਦੋਂ ਕਿ ਦੋ ਹੋਰ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਹਾਦਸੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ । ਇਸ ਦੌਰਾਨ ਹਾਦਸਾਗ੍ਰਸਤ ਬੱਸ ਵਿੱਚ ਸਵਾਰ ਹੋਰ ਸਵਾਰੀਆਂ ਨੂੰ ਦੂਜੀ ਬੱਸ ਰਾਹੀਂ ਮੰਜ਼ਿਲ ਵੱਲ ਭੇਜਿਆ ਗਿਆ।
ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਮਹਿਲਾ ਸੁਨੀਤਾ ਨੇ ਦੱਸਿਆ ਕਿ ਉਹ ਭਿਵਾਨੀ ਤੋਂ ਬਾਪੋੜਾ ਜਾ ਰਹੀ ਸੀ। ਸੁਨੀਤਾ ਨੇ ਦੋਸ਼ ਲਾਇਆ ਕਿ ਪ੍ਰਾਈਵੇਟ ਬੱਸ ਚਾਲਕ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਈ। ਸੁਨੀਤਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਇਕੱਲੀ ਹੀ ਆਪਣੇ ਤਿੰਨ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਹੁਣ ਪਰਿਵਾਰ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਾਦਸੇ ਵਿੱਚ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























