Haryana : 9 ਦਿਨਾਂ ਬਾਅਦ ਮਹਿਲਾ ਅਧਿਆਪਕ ਮਨੀਸ਼ਾ ਦਾ ਹੋਇਆ ਅੰਤਿਮ ਸਸਕਾਰ
– ਪੂਰੇ ਪਿੰਡ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
– ਭਿਵਾਨੀ ਵਿੱਚ ਇੰਟਰਨੈੱਟ ‘ਤੇ ਪਾਬੰਦੀ ਰਹੇਗੀ ਜਾਰੀ; ਪੜ੍ਹੋ ਪੂਰਾ ਮਾਮਲਾ
ਹਰਿਆਣਾ, 21 ਅਗਸਤ 2025 (ਵਿਸ਼ਵ ਵਾਰਤਾ): ਹਰਿਆਣਾ (Haryana) ਦੇ ਭਿਵਾਨੀ ਜ਼ਿਲ੍ਹੇ ਦੇ ਲੋਹਾਰੂ ਕਸਬੇ ਵਿੱਚ ਪਲੇਵੇਅ ਸਕੂਲ ਦੀ ਅਧਿਆਪਕਾ ਮਨੀਸ਼ਾ ਦੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਅੱਠ ਦਿਨਾਂ ਦੇ ਲਗਾਤਾਰ ਤਣਾਅ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮਨੀਸ਼ਾ ਦਾ ਅੰਤਿਮ ਸੰਸਕਾਰ ਅੱਜ ਪਿੰਡ ਢਾਣੀ ਲਕਸ਼ਮਣ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਮਨੀਸ਼ਾ ਦਾ ਅੰਤਿਮ ਸਸਕਾਰ ਉਸਦੇ ਛੋਟੇ ਭਰਾ ਨਿਤੇਸ਼ (13) ਨੇ ਕੀਤਾ।

ਮਨੀਸ਼ਾ ਦੀ ਦੇਹ ਨੂੰ ਵੀਰਵਾਰ ਸਵੇਰੇ 8 ਵਜੇ ਭਿਵਾਨੀ ਦੇ ਸਿਵਲ ਹਸਪਤਾਲ ਤੋਂ ਸਿੱਧਾ ਪਿੰਡ ਢਾਣੀ ਲਕਸ਼ਮਣ ਦੇ ਸ਼ਮਸ਼ਾਨਘਾਟ ਲਿਆਂਦਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮਨੀਸ਼ਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ। ਉਨ੍ਹਾਂ ਨੇ ਮਨੀਸ਼ਾ ਅਮਰ ਰਹੇ ਦੇ ਨਾਅਰੇ ਵੀ ਲਗਾਏ। ਅੰਤਿਮ ਸੰਸਕਾਰ ਲਈ ਪਿੰਡ ਵਿੱਚ ਪੁਲਿਸ ਤਾਇਨਾਤ ਰਹੀ। ਰੈਪਿਡ ਐਕਸ਼ਨ ਫੋਰਸ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਬੰਦ ਸੜਕਾਂ ਨੂੰ ਖੋਲ੍ਹਿਆ। ਅੰਤਿਮ ਸਸਕਾਰ ਦੌਰਾਨ ਪਿਤਾ ਸੰਜੇ ਬਹੁਤ ਰੋਏ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।

ਭਿਵਾਨੀ ਵਿੱਚ ਇੰਟਰਨੈੱਟ ਪਾਬੰਦੀ 22 ਅਗਸਤ ਨੂੰ ਸਵੇਰੇ 11 ਵਜੇ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ 19 ਅਗਸਤ ਨੂੰ ਸਵੇਰੇ 11 ਵਜੇ ਤੋਂ 21 ਅਗਸਤ ਨੂੰ ਸਵੇਰੇ 11 ਵਜੇ ਤੱਕ ਬੰਦ ਸੀ। ਇਸ ਦੇ ਨਾਲ ਹੀ ਚਰਖੀ ਦਾਦਰੀ ਤੋਂ ਇੰਟਰਨੈੱਟ ਪਾਬੰਦੀ ਹਟਾ ਦਿੱਤੀ ਗਈ ਹੈ।
ਦੱਸ ਦਈਏ ਕਿ ਬੀਤੀ 11 ਅਗਸਤ ਨੂੰ ਮਨੀਸ਼ਾ ਸਕੂਲ ਪੜਾਉਣ ਲਈ ਘਰੋਂ ਨਿਕਲੀ ਸੀ। ਉਸਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਸਕੂਲ ਤੋਂ ਬਾਅਦ ਉਹ ਦਾਖਲੇ ਲਈ ਨੇੜਲੇ ਨਰਸਿੰਗ ਕਾਲਜ ਵੀ ਜਾਵੇਗੀ। ਪਰ ਉਸ ਦਿਨ ਤੋਂ ਉਹ ਲਾਪਤਾ ਹੋ ਗਈ। ਪਰਿਵਾਰ ਨੇ ਉਸੇ ਦਿਨ ਲੋਹਾਰੂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਪਰ ਪੁਲਿਸ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਭੱਜ ਗਈ ਹੋਵੇ। ਅਗਲੇ ਦਿਨ ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਮਨੀਸ਼ਾ ਦੀ ਭਾਲ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ।13 ਅਗਸਤ ਨੂੰ ਮਨੀਸ਼ਾ ਦੀ ਲਾਸ਼ ਸਿੰਘਾਨੀ ਪਿੰਡ ਦੇ ਨੇੜੇ ਇੱਕ ਨਹਿਰ ਦੇ ਨੇੜੇ ਬਾਜਰੇ ਦੇ ਖੇਤ ਵਿੱਚੋਂ ਮਿਲੀ।
ਸ਼ੁਰੂਆਤੀ ਪੋਸਟਮਾਰਟਮ ਭਿਵਾਨੀ ਹਸਪਤਾਲ ਵਿੱਚ ਕੀਤਾ ਗਿਆ, ਜਿਸ ਵਿੱਚ ਗਰਦਨ ‘ਤੇ 29 ਮਿਲੀਮੀਟਰ ਲੰਬਾ ਜ਼ਖ਼ਮ ਮਿਲਿਆ।ਇਸ ਰਿਪੋਰਟ ਤੋਂ ਬਾਅਦ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਨਸਾਫ਼ ਦੀ ਮੰਗ ਕਰਦੇ ਹੋਏ ਧਰਨਾ ਲਗਾ ਦਿੱਤਾ। ਲੋਕਾਂ ਨੇ ਮੰਗ ਕੀਤੀ ਕਿ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਪੋਸਟਮਾਰਟਮ ਏਮਜ਼ ਦਿੱਲੀ ਵਿੱਚ ਕੀਤਾ ਜਾਵੇ। ਪਿੰਡ ਵਾਸੀਆਂ ਦੇ ਨੌਂ ਦਿਨਾਂ ਦੇ ਲਗਾਤਾਰ ਵਿਰੋਧ ਅਤੇ ਧਰਨੇ ਤੋਂ ਬਾਅਦ, ਸਰਕਾਰ ਨੇ ਪਰਿਵਾਰ ਦੀਆਂ ਦੋਵੇਂ ਮੰਗਾਂ ਮੰਨ ਲਈਆਂ। ਦਿੱਲੀ ਏਮਜ਼ ਵਿੱਚ ਪੋਸਟਮਾਰਟਮ ਤੋਂ ਬਾਅਦ, ਲਾਸ਼ ਨੂੰ ਪਿੰਡ ਲਿਆਂਦਾ ਗਿਆ ਅਤੇ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















