Haryana ‘ਚ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਸ਼ੋਕ ਤੰਵਰ ਮੁੜ ਕਾਂਗਰਸ ‘ਚ ਸ਼ਾਮਲ
ਚੰਡੀਗੜ੍ਹ, 3ਅਕਤੂਬਰ (ਵਿਸ਼ਵ ਵਾਰਤਾ)Haryana : ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਇਸ ਸਾਲ 20 ਜਨਵਰੀ ਨੂੰ ਭਾਜਪਾ ‘ਚ ਸ਼ਾਮਲ ਹੋਏ ਅਸ਼ੋਕ ਤੰਵਰ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ਇਕ ਵਾਰ ਫਿਰ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਵਿਧਾਨ ਸਭਾ ਚੋਣਾਂ ਲਈ ਸ਼ਨਿੱਚਰਵਾਰ (5 ਅਕਤੂਬਰ) ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਲਈ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ‘ਤੇ ਹੈ। ਪਰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਤੱਕ ਆਗੂਆਂ ਦੀ ਦਲ-ਬਦਲੀ ਦਾ ਸਿਲਸਿਲਾ ਜਾਰੀ ਰਿਹਾ। ਚੋਣ ਪ੍ਰਚਾਰ ਦੇ ਆਖਰੀ ਦਿਨ ਅਸ਼ੋਕ ਤੰਵਰ ਨੇ ਪਲਟੀ ਮਾਰ ਲਈ ਹੈ। ਤੰਵਰ ਸਿਰਫ਼ 8 ਮਹੀਨਿਆਂ ਵਿੱਚ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਕਾਂਗਰਸ ਵਿੱਚ ਮੁੜ ਸ਼ਾਮਲ ਹੋ ਗਏ ਸਨ। ਅਸ਼ੋਕ ਤੰਵਰ ਹਿਸਾਰ ਤੋਂ ਲੋਕ ਸਭਾ ਮੈਂਬਰ ਅਤੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਅਸ਼ੋਕ ਤੰਵਰ ਨੇ 5 ਅਕਤੂਬਰ 2019 ਨੂੰ ਕਾਂਗਰਸ ਦੇ ਪ੍ਰਾਇਮਰੀ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਹ ‘ਆਪ’ ਹਰਿਆਣਾ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਨ ਅਤੇ ਬਾਅਦ ਵਿੱਚ ‘ਆਪ’ ਵੀ ਛੱਡ ਗਏ ਸਨ। ਇਸ ਤੋਂ ਬਾਅਦ ਅਸ਼ੋਕ ਤੰਵਰ ਜਨਵਰੀ 2024 ‘ਚ ਭਾਜਪਾ ‘ਚ ਸ਼ਾਮਲ ਹੋ ਗਏ। ਭਾਜਪਾ ਨੇ ਲੋਕ ਸਭਾ ਚੋਣਾਂ ‘ਚ ਸਿਰਸਾ ਤੋਂ ਟਿਕਟ ਦਿੱਤੀ ਸੀ। ਹਾਲਾਂਕਿ ਉਹ ਚੋਣ ਹਾਰ ਗਏ ਸਨ। ਅਸ਼ੋਕ ਤੰਵਰ ਸਾਲ 2022 ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ‘ਆਪ’ ‘ਚ ਸ਼ਾਮਲ ਹੋਏ ਸਨ। ਇੱਕ ਸਮੇਂ ਅਸ਼ੋਕ ਤੰਵਰ ਨੂੰ ਰਾਹੁਲ ਗਾਂਧੀ ਦੇ ਕਰੀਬੀ ਸਾਥੀਆਂ ਵਿੱਚ ਗਿਣਿਆ ਜਾਂਦਾ ਸੀ। ਰਾਹੁਲ ਗਾਂਧੀ ਨੇ ਫਰਵਰੀ 2014 ਵਿੱਚ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਸੀ। ਉਹ ਕਾਂਗਰਸ ਵਿੱਚ ਯੂਥ ਕਾਂਗਰਸ ਦੇ ਕੌਮੀ ਸਕੱਤਰ ਅਤੇ ਇੰਚਾਰਜ ਵੀ ਰਹਿ ਚੁੱਕੇ ਹਨ। ਅਸ਼ੋਕ ਤੰਵਰ ਨੇ ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ ਨਾਲ ਝਗੜੇ ਤੋਂ ਬਾਅਦ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਹ 2009 ਤੋਂ 2014 ਤੱਕ ਸਿਰਸਾ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।