Guru Nanak Dev University ਨੇ America ਦੇ ਮਸ਼ਹੂਰ ਅਟਾਰਨੀ ਜਸਪ੍ਰੀਤ ਸਿੰਘ ਨਾਲ ਕੀਤਾ ਇਤਿਹਾਸਕ ਸਮਝੌਤਾ
ਗੁਰੂ ਨਾਨਕ ਚੇਅਰ ਸਥਾਪਤ ਕਰਨ ਲਈ ਹੋਈ ਸਹਿਮਤੀ
ਖੋਜ ਕਾਰਜਾਂ ਲਈ 10 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਵੀ ਐਲਾਨ
ਅੰਮ੍ਰਿਤਸਰ, 1 ਜੂਨ, 2025 ( ਗੁਰਨਾਮ ਸਿੰਘ ਲਾਲੀ ) – ਗੁਰੂ ਨਾਨਕ ਦੇਵ ਯੂਨੀਵਰਸਿਟੀ(Guru Nanak Dev University) ਨੇ ਅਕਾਦਮਿਕ ਖੇਤਰ ਵਿੱਚ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਅਮਰੀਕਾ ਦੇ ਸੈਕਰਾਮੈਂਟੋ, ਕੈਲੀਫੋਰਨੀਆ ਸਥਿਤ ਪ੍ਰਸਿੱਧ ਅਟਾਰਨੀ ਅਤੇ ਸਮਾਜ ਸੇਵੀ ਸ੍ਰ ਜਸਪ੍ਰੀਤ ਸਿੰਘ ਨਾਲ ਇੱਕ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਸ. ਜਸਪ੍ਰੀਤ ਸਿੰਘ ਨੇ ਯੂਨੀਵਰਸਿਟੀ ਵਿੱਚ “ਗੁਰੂ ਨਾਨਕ ਚੇਅਰ” ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਪੰਜ ਸਾਲਾਂ ਲਈ ਪੂਰੀ ਫੰਡਿੰਗ ਉਹ ਖੁਦ ਕਰਨਗੇ।ਇਸ ਚੇਅਰ ਦਾ ਮਕਸਦ ਗੁਰੂ ਨਾਨਕ ਦੇਵ ਜੀ ਦੀਆਂ ਸਰਵ ਵਿਆਪਕ ਸਿੱਖਿਆਵਾਂ – ਸਮਾਨਤਾ, ਦਇਆ, ਸੇਵਾ ਅਤੇ ਮਨੁੱਖਤਾ ਦੀ ਏਕਤਾ – ਦਾ ਡੂੰਘਾਈ ਨਾਲ ਅਧਿਐਨ ਅਤੇ ਪ੍ਰਸਾਰ ਕਰਨਾ ਹੋਵੇਗਾ। ਇਸ ਲਈ 3 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਇੱਕ ਪੂਰਨ-ਸਮੇਂ ਦੇ ਚੇਅਰ ਪ੍ਰੋਫੈਸਰ, ਖੋਜ ਸਹਾਇਕ ਅਤੇ ਹੋਰ ਅਕਾਦਮਿਕ ਸਰੋਤਾਂ ਦੀ ਨਿਯੁਕਤੀ ਕੀਤੀ ਜਾਵੇਗੀ।ਇਸ ਦੇ ਨਾਲ ਹੀ, ਸ. ਜਸਪ੍ਰੀਤ ਸਿੰਘ ਨੇ ਸਿੱਖ ਅਧਿਐਨ ਅਤੇ ਸਮਾਜਿਕ ਉੱਨਤੀ ਨਾਲ ਜੁੜੇ ਖੋਜ ਕਾਰਜਾਂ ਲਈ 10 ਵਿਦਿਆਰਥੀਆਂ ਨੂੰ ਹਰ ਮਹੀਨੇ 8,000 ਰੁਪਏ ਦੀ ਖੋਜ ਸਕਾਲਰਸ਼ਿਪ ਦੇਣ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਨੌਜਵਾਨ ਖੋਜਾਰਥੀ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਅਰਥਪੂਰਨ ਕੰਮ ਕਰ ਸਕਣ।ਇਹ ਸਮਝੌਤਾ ਸੈਕਰਾਮੈਂਟੋ, ਕੈਲੀਫੋਰਨੀਆ ਸਥਿਤ ਸ. ਜਸਪ੍ਰੀਤ ਸਿੰਘ ਦੇ ਦਫਤਰ ਵਿੱਚ ਉਨ੍ਹਾਂ ਦੀ ਟੀਮ ਅਤੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਹਾਜ਼ਰੀ ਵਿੱਚ ਸੰਪੰਨ ਹੋਇਆ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸ੍ਰ ਜਸਪ੍ਰੀਤ ਸਿੰਘ ਦਾ ਇਹ ਉਦਾਰ ਯੋਗਦਾਨ ਸਿਰਫ ਵਿੱਤੀ ਸਹਾਇਤਾ ਨਹੀਂ, ਸਗੋਂ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਵਿੱਚ ਰੂਹਾਨੀ ਅਤੇ ਬੌਧਿਕ ਨਿਵੇਸ਼ ਹੈ। ਇਹ ਸਾਡੇ ਲਈ ਖੋਜ ਅਤੇ ਸਿੱਖਿਆ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ। ਯੂਨੀਵਰਸਿਟੀ ਨੂੰ ਇਸ ਦਿੱਖ ਅਤੇ ਮਿੱਟੀ ਦੇ ਲਾਲ ਨਾਲ ਜੁੜਨ ’ਤੇ ਮਾਣ ਹੈ, ਜਿਨ੍ਹਾਂ ਦੇ ਕੰਮ ਸਿੱਖੀ ਦੀ ਸੱਚੀ ਰੂਹ ਨੂੰ ਦਰਸਾਉਂਦੇ ਹਨ। ਯੂਨੀਵਰਸਿਟੀ ਨੂੰ ਪੂਰਾ ਭਰੋਸਾ ਹੈ ਕਿ ਇਹ ਸਾਂਝ ਧਾਰਮਿਕ, ਦਾਰਸ਼ਨਿਕ ਅਤੇ ਮਨੁੱਖਤਾਵਾਦੀ ਅਧਿਐਨ ਦੇ ਖੇਤਰ ਵਿੱਚ ਉਸ ਦੀ ਵਿਸ਼ਵ ਪੱਧਰੀ ਸਾਖ ਨੂੰ ਹੋਰ ਮਜ਼ਬੂਤ ਕਰੇਗੀ।
ਜਿਕਰਯੋਗ ਹੈ ਕਿ ਸ. ਜਸਪ੍ਰੀਤ ਸਿੰਘ ਇੱਕ ਸਫਲ ਇਮੀਗ੍ਰੇਸ਼ਨ ਅਟਾਰਨੀ ਹਨ, ਜਿਨ੍ਹਾਂ ਦੇ ਅਮਰੀਕਾ ਭਰ ਵਿੱਚ 20 ਦਫਤਰਾਂ ਦਾ ਨੈਟਵਰਕ ਹੈ। ਇਸ ਦੇ ਬਾਵਜੂਦ, ਉਹ ਸਿੱਖ ਮੁੱਲਾਂ – ਸੇਵਾ ਅਤੇ ਸਿਮਰਨ – ਵਿੱਚ ਪੂਰੀ ਤਰ੍ਹਾਂ ਰਚੇ-ਵਸੇ ਹਨ। ਉਨ੍ਹਾਂ ਦੀ ਸਰਲਤਾ, ਦਇਆਪੂਰਨ ਕਾਨੂੰਨੀ ਸੇਵਾ ਅਤੇ ਪਿਛਲੇ ਦੋ ਦਹਾਕਿਆਂ ਤੋਂ ਪ੍ਰਵਾਸੀ ਪਰਿਵਾਰਾਂ ਦੀ ਮਦਦ ਨੇ ਉਨ੍ਹਾਂ ਨੂੰ ਸਮੁਦਾਏ ਵਿੱਚ ਇੱਕ ਮਿਸਾਲ ਬਣਾਇਆ ਹੈ।
ਕੈਪਸ਼ਨ : ਸੈਕਰਾਮੈਂਟੋ(ਕੈਲੀਫੋਰਨੀਆ )’ਚ ਗੁਰੂ ਨਾਨਕ ਯੂਨੀਵਰਸਿਟੀ ਨਾਲ ਹੋਏ ਸਮਝੌਤੇ ਤੋਂ ਬਾਅਦ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਸ੍ਰ ਜਸਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ।























