ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਕੱਚੇ ਮੁਲਾਜ਼ਮਾਂ ਦਾ ਧਰਨਾ ਖਤਮ, ਸਰਕਾਰ ਨਾਲ ਬਣੀ ਸਹਿਮਤੀ
ਚੰਡੀਗੜ੍ਹ, 24 ਮਈ(ਵਿਸ਼ਵ ਵਾਰਤਾ) ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਕੱਚੇ ਮੁਲਾਜ਼ਮਾਂ ਵੱਲੋਂ 15-05-2026 ਤੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਸਰਕਾਰ ਵੱਲੋਂ ਮੰਗਾਂ ਮੰਨਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ।
ਮਿਤੀ 24 ਮਈ 2026 ਨੂੰ ਮਾਨਯੋਗ ਬਿਜਲੀ ਮੰਤਰੀ ਪੰਜਾਬ ਸਰਦਾਰ ਤਰੁਣਪ੍ਰੀਤ ਸਿੰਘ ਸੋਂਦ ਦੀ ਪ੍ਰਧਾਨਗੀ ਹੇਠ ਖੰਨਾ ਵਿਖੇ ਪੀਐਸਪੀਸੀਐਲ ਪ੍ਰਸ਼ਾਸਨ ਅਤੇ ਪਾਵਰਕਾਮ ਤੇ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ ਵਿਚਕਾਰ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਕੱਚੇ ਅਤੇ ਆਊਟਸੋਰਸਡ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਵਿਚਾਰ ਕੀਤਾ ਗਿਆ।
ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਆਊਟਸੋਰਸਡ ਕਾਮਿਆਂ ਨੂੰ ਸਿੱਧੇ ਤੌਰ ‘ਤੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਵਿੱਚ ਠੇਕੇ ਦੇ ਆਧਾਰ ‘ਤੇ ਰੱਖਿਆ ਜਾਵੇ। ਇਸ ‘ਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਹਰ ਜਥੇਬੰਦੀ ਆਪਣਾ ਇੱਕ ਨੁਮਾਇੰਦਾ ਦੇਵੇਗੀ, ਜਿਸ ਰਾਹੀਂ ਆਊਟਸੋਰਸਡ ਕਾਮਿਆਂ ਦਾ ਪੂਰਾ ਸੇਵਾ ਰਿਕਾਰਡ ਵੈਰੀਫਾਈ ਕੀਤਾ ਜਾਵੇਗਾ।

ਪ੍ਰਸ਼ਾਸਨ ਅਨੁਸਾਰ ਵੈਰੀਫਿਕੇਸ਼ਨ ਤੋਂ ਬਾਅਦ ਯੋਗਤਾ, ਤਜਰਬੇ ਅਤੇ ਅੰਦਰੂਨੀ ਪ੍ਰੀਖਿਆ ਦੇ ਅਧਾਰ ‘ਤੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਵਿੱਚ ਕੰਮ ਕਰ ਰਹੇ ਆਊਟਸੋਰਸਡ ਕਾਮਿਆਂ ਨੂੰ ਠੇਕੇ ‘ਤੇ ਰੱਖਿਆ ਜਾਵੇਗਾ। ਇਹ ਸਾਰੀ ਪ੍ਰਕਿਰਿਆ 15 ਜੂਨ 2026 ਤੱਕ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਜਥੇਬੰਦੀਆਂ ਵੱਲੋਂ ਤਨਖਾਹਾਂ ਵਿੱਚ ਵਾਧੇ ਦੀ ਮੰਗ ਵੀ ਉਠਾਈ ਗਈ। ਇਸ ‘ਤੇ ਪ੍ਰਸ਼ਾਸਨ ਨੇ ਦੱਸਿਆ ਕਿ ਆਊਟਸੋਰਸਡ ਕਾਮਿਆਂ ਨੂੰ ਠੇਕੇ ‘ਤੇ ਰੱਖਣ ਦੇ ਨਾਲ-ਨਾਲ ਉਹਨਾਂ ਦੀ ਮੌਜੂਦਾ ਤਨਖਾਹ ਵਿੱਚ “ਸਪੈਸ਼ਲ ਭੱਤਾ” ਵੀ ਸ਼ਾਮਲ ਕੀਤਾ ਜਾਵੇਗਾ। ਇਹ ਭੱਤਾ ਠੇਕੇਦਾਰ ਕੰਪਨੀ ਦੇ ਮੁਨਾਫੇ ਅਤੇ ਪ੍ਰਤੀ ਕਾਮੇ ਦੀ ਮੂਲ ਤਨਖਾਹ ‘ਤੇ ਦਿੱਤੀ ਜਾਣ ਵਾਲੀ ਜੀਐਸਟੀ ਦੀ ਰਕਮ ਨੂੰ ਜੋੜ ਕੇ ਅਦਾ ਕੀਤਾ ਜਾਵੇਗਾ।
ਮੀਟਿੰਗ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਦੇ ਭਰੋਸੇ ਮਗਰੋਂ ਆਪਣਾ ਚੱਲ ਰਿਹਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।























