ਚੰਡੀਗੜ੍ਹ, 31 ਅਕਤੂਬਰ (ਵਿਸ਼ਵ ਵਾਰਤਾ): ਤਿਓਹਾਰਾਂ ਦੇ ਦਿਨਾਂ ‘ਚ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੰਜਾਬ ਪੁਲਿਸ (Punjab Police) ਵੱਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਇਸੇ ਤਹਿਤ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿੱਚ ਸੀ.ਆਈ.ਏ ਸਟਾਫ ਗੁਰਦਾਸਪੁਰ (Gurdaspur CIA Staff) ਨੇ ਕਾਹਨੂੰਵਾਨ ਪੁਲਿਸ ਦੇ ਸਹਿਯੋਗ ਨਾਲ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਤਿੰਨ ਦੇਸੀ ਪਿਸਤੌਲ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਕਈ ਹੋਰ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਕਪਤਾਨ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਕਾਹਨੂੰਵਾਨ ਪੁਲੀਸ ਦੀ ਮਦਦ ਨਾਲ ਪਿੰਡ ਨੈਨਾਕੋਟ ਪੁਲ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਜਦ ਇਕ ਨੌਜਵਾਨ ਉਥੋਂ ਲੰਘ ਰਿਹਾ ਸੀ ਤਾਂ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ। ਜਿਨ੍ਹਾਂ ਵਿੱਚੋਂ ਇੱਕ 30 ਬੋਰ ਅਤੇ ਦੋ 32 ਬੋਰ ਦੇ ਸਨ। ਤਿੰਨਾਂ ਵਿਚ ਮੈਗਜ਼ੀਨ ਵੀ ਸਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਚਿਨ ਭੱਟੀ ਪੁੱਤਰ ਮੱਖਣ ਮਸੀਹ ਵਾਸੀ ਸਠਿਆਲੀ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦਾ ਅਦਾਲਤ ’ਚੋਂ ਪੁਲੀਸ ਰਿਮਾਂਡ ਲਿਆ ਜਾਵੇਗਾ ਅਤੇ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਦੇ ਨਾਲ ਨਾਲ ਹੀ ਮੁਲਜ਼ਮ ਕੋਲੋਂ ਕਈ ਅਹਿਮ ਜਾਣਕਾਰੀਆਂ ਹਾਸਲ ਹੋਣਗੀਆਂ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਦਾ ਖੁਲਾਸਾ ਹੋਵੇਗਾ। ਇਸ ਮੌਕੇ ਡੀਐਸਪੀ ਅਮੋਲਕ ਸਿੰਘ, ਸੀਆਈਏ ਸਟਾਫ਼ ਇੰਚਾਰਜ ਕਪਿਲ ਕੌਸ਼ਲ ਅਤੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।