Gujarat Plane Crash : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਤ
– ਵਿਜੇ ਰੂਪਾਨੀ ਦੀ ਆਖਰੀ ਫੋਟੋ ਆਈ ਸਾਹਮਣੇ
– ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਜਹਾਜ਼ ਹਾਦਸੇ ’ਤੇ ਜਤਾਇਆ ਦੁੱਖ

ਗੁਜਰਾਤ, 12 ਜੂਨ (ਵਿਸ਼ਵ ਵਾਰਤਾ): ਏਅਰ ਇੰਡੀਆ (Gujarat Plane Crash) ਦਾ ਜਹਾਜ਼ (AI-171) 12 ਜੂਨ ਦੀ ਦੁਪਹਿਰ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਜਿਸ ਵਿੱਚ 242 ਲੋਕ ਸਵਾਰ ਸਨ। ਇਨ੍ਹਾਂ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ, 1 ਕੈਨੇਡੀਅਨ ਨਾਗਰਿਕ ਸ਼ਾਮਲ ਸਨ। ਇਸ ਤੋਂ ਇਲਾਵਾ, ਪਾਇਲਟ ਸਮੇਤ ਕੈਬਿਨ ਕਰੂ ਦੇ 12 ਮੈਂਬਰ ਵੀ ਸ਼ਾਮਲ ਸਨ। ਇਹ ਜਹਾਜ਼ 12 ਜੂਨ ਨੂੰ ਦੁਪਹਿਰ 1:38 ਵਜੇ ਦੇ ਕਰੀਬ ਅਹਿਮਦਾਬਾਦ ਦੇ ਮੇਘਾਨੀਨਗਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੌਰਾਨ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਜਹਾਜ਼ ਵਿੱਚ ਸਵਾਰ ਸਨ ਅਤੇ ਹੁਣ ਇਸ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਨੇ ਇਹ ਜਾਣਕਾਰੀ ਐਕਸ. ਤੇ ਸਾਂਝੀ ਕੀਤੀ ਹੈ

ਗੁਜਰਾਤ ਜਹਾਜ਼ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ “ਅਹਿਮਦਾਬਾਦ ਵਿਚ ਵਾਪਰੀ ਇਸ ਘਟਨਾ ਨੇ ਸਾਨੂੰ ਹੈਰਾਨ ਅਤੇ ਦੁਖੀ ਕਰ ਦਿੱਤਾ ਹੈ। ਇਹ ਸ਼ਬਦਾਂ ਤੋਂ ਪਰੇ ਦਿਲ ਤੋੜਨ ਵਾਲਾ ਹੈ। ਇਸ ਦੁਖਦਾਈ ਘੜੀ ਵਿਚ, ਮੇਰੀਆਂ ਭਾਵਨਾਵਾਂ ਇਸ ਤੋਂ ਪ੍ਰਭਾਵਿਤ ਹਰੇਕ ਵਿਅਕਤੀ ਨਾਲ ਹਨ। ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਮੈਂ ਲਗਾਤਾਰ ਸੰਪਰਕ ਵਿਚ ਹਾਂ।”

ਰਾਸ਼ਟਰਪਤੀ ਭਵਨ ਵੱਲੋਂ X ‘ਤੇ ਕੀਤੀ ਗਈ ਇੱਕ ਪੋਸਟ ਵਿੱਚ ਲਿਖਿਆ ਗਿਆ ਕਿ “ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਹ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਪ੍ਰਭਾਵਿਤ ਲੋਕਾਂ ਨਾਲ ਹਨ। ਇਸ ਅਕਹਿ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।”
ਅਹਿਮਦਾਬਾਦ ਜਹਾਜ਼ ਹਾਦਸੇ ‘ਤੇ, ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਕਿਹਾ, ‘ਇਹ ਘਟਨਾ ਬਹੁਤ ਦੁਖਦਾਈ ਹੈ… ਅੱਜ ਅਸੀਂ ਆਪਣੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ… ਅਸੀਂ ਸਾਰੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਜ਼ਖਮੀ ਹੋਏ ਸਾਰੇ ਲੋਕ ਜਲਦੀ ਤੋਂ ਜਲਦੀ ਠੀਕ ਹੋ ਜਾਣ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















