ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਅਚਾਨਕ ਟੁੱਟੀ ਫਲਾਈਟ ਦੀ ਖਿੜਕੀ
– ਹਵਾ ‘ਚ ਲਟਕਿਆ ਯਾਤਰੀ! ਮਚਿਆ ਚੀਕ-ਚਿਹਾੜਾ
ਗ੍ਰੀਸ, 10 ਜੁਲਾਈ (ਵਿਸ਼ਵ ਵਾਰਤਾ): ਗ੍ਰੀਸ ਦੇ ਆਸਮਾਨ ਵਿੱਚ ਇੱਕ ਫਲਾਈਟ ਦੀ ਖਿੜਕੀ ਅਚਾਨਕ ਟੁੱਟ ਗਈ। ਦੇਖਦੇ ਹੀ ਦੇਖਦੇ ਹਵਾ ਦੇ ਤੇਜ਼ ਦਬਾਅ ਕਾਰਨ ਇੱਕ ਯਾਤਰੀ ਦਾ ਸਰੀਰ ਬਾਹਰ ਵੱਲ ਨੂੰ ਖਿੱਚਿਆ ਜਾਣ ਲੱਗਾ। ਇਹ ਘਟਨਾ ਗ੍ਰੀਸ ਦੇ ਥੇਸਾਲੋਨਿਕੀ ਤੋਂ ਜਰਮਨੀ ਦੇ ਮੇਮਿੰਗੇਨ ਜਾ ਰਹੀ ਰਾਇਨਏਅਰ (Ryanair) ਦੀ ਫਲਾਈਟ ਵਿੱਚ ਵਾਪਰੀ। ਜਹਾਜ਼ ਨੇ ਸਵੇਰੇ 5.55 ਵਜੇ ਥੇਸਾਲੋਨਿਕੀ ਤੋਂ ਉਡਾਣ ਭਰੀ ਸੀ।
ਜਹਾਜ਼ ਵਿੱਚ ਮੌਜੂਦ ਲੋਕਾਂ ਅਨੁਸਾਰ, ਜੇਕਰ ਉਸ ਯਾਤਰੀ ਨੇ ਸੀਟ ਬੈਲਟ ਨਾ ਪਹਿਨੀ ਹੁੰਦੀ, ਤਾਂ ਹਾਦਸਾ ਹੋਰ ਵੀ ਗੰਭੀਰ ਹੋ ਸਕਦਾ ਸੀ। ਸ਼ੁਰੂਆਤ ਵਿੱਚ ਕਿਸੇ ਨੂੰ ਸਮਝ ਹੀ ਨਹੀਂ ਆਇਆ ਕਿ ਆਖ਼ਰ ਹੋਇਆ ਕੀ ਹੈ? ਕੁਝ ਹੀ ਸੈਕਿੰਡਾਂ ਵਿੱਚ ਪੂਰਾ ਕੇਬਿਨ ਚੀਕ-ਚਿਹਾੜੇ ਨਾਲ ਗੂੰਜ ਉੱਠਿਆ ਅਤੇ ਲੋਕ ਆਪਣੀਆਂ ਸੀਟਾਂ ਤੋਂ ਉੱਠ ਕੇ ਮਦਦ ਲਈ ਦੌੜ ਪਏ।
ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਉਸ ਸਮੇਂ ਜ਼ਿਆਦਾਤਰ ਯਾਤਰੀ ਸੋ ਰਹੇ ਸਨ। ਉਦੋਂ ਹੀ ਅਚਾਨਕ ਟਾਇਰ ਫਟਣ ਵਰਗੀ ਤੇਜ਼ ਆਵਾਜ਼ ਸੁਣਾਈ ਦਿੱਤੀ। ਪਹਿਲਾਂ ਲੋਕਾਂ ਨੂੰ ਲੱਗਿਆ ਕਿ ਜਹਾਜ਼ ਵਿੱਚ ਕੋਈ ਆਮ ਤਕਨੀਕੀ ਖ਼ਰਾਬੀ ਆਈ ਹੈ, ਪਰ ਅਗਲੇ ਹੀ ਪਲ ਸਭ ਦੇ ਹੋਸ਼ ਉੱਡ ਗਏ।
ਜਹਾਜ਼ ਦੇ ਅੰਦਰ ਦਬਾਅ ਘੱਟ ਗਿਆ। ਇਸ ਤੋਂ ਬਾਅਦ ਆਕਸੀਜਨ ਮਾਸਕ ਹੇਠਾਂ ਆ ਗਏ ਅਤੇ ਕੇਬਿਨ ਵਿੱਚ ਇੱਕ ਤੇਜ਼ ਗੰਧ ਫੈਲ ਗਈ। ਉਸ ਖਿੜਕੀ ਦੇ ਨੇੜੇ ਬੈਠੇ ਇੱਕ 61 ਸਾਲ ਦੇ ਯਾਤਰੀ ਦਾ ਸਿਰ ਅਤੇ ਮੋਢੇ ਖਿੜਕੀ ਤੋਂ ਬਾਹਰ ਨਿਕਲ ਗਏ। ਉਸ ਸਮੇਂ ਜਹਾਜ਼ 30 ਹਜ਼ਾਰ ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ।
ਬਜ਼ੁਰਗ ਨੂੰ ਕੋਲ ਬੈਠੀ ਉਸਦੀ ਪਤਨੀ ਨੇ ਬਚਾਇਆ। ਜਿਵੇਂ ਹੀ ਉਹ ਖਿੜਕੀ ਤੋਂ ਬਾਹਰ ਵੱਲ ਨੂੰ ਖਿੱਚਣ ਲੱਗਾ, ਉਸ ਦੀ ਪਤਨੀ ਨੇ ਉਨ੍ਹਾਂ ਦੀਆਂ ਦੋਵੇਂ ਲੱਤਾਂ ਫੜ ਲਈਆਂ।ਇਸ ਤੋਂ ਬਾਅਦ ਦੂਜੇ ਯਾਤਰੀਆਂ ਨੇ ਮਦਦ ਕੀਤੀ ਅਤੇ ਉਨ੍ਹਾਂ ਨੂੰ ਅੰਦਰ ਖਿੱਚਿਆ। ਗਨੀਮਤ ਇਹ ਰਹੀ ਕਿ ਪੀੜਤ ਵਿਅਕਤੀ ਨੇ ਸੀਟ ਬੈਲਟ ਬੰਨ੍ਹੀ ਹੋਈ ਸੀ, ਜਿਸ ਕਾਰਨ ਉਹ ਬਾਹਰ ਨਹੀਂ ਡਿੱਗਿਆ।
ਜਹਾਜ਼ ਕੰਪਨੀ ਰਾਇਨਏਅਰ (Ryanair) ਨੇ ਦੱਸਿਆ ਕਿ ਯਾਤਰੀ ਨੂੰ ਝੁਲਸਣ ਵਰਗੀਆਂ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਠੀਕ ਹੈ। ਜ਼ਖ਼ਮੀ ਯਾਤਰੀ ਸਰਬੀਆ ਦਾ ਇੱਕ ਸੈਲਾਨੀ ਹੈ।























