Gold at Home : ਘਰ ਵਿੱਚ ਕਿੰਨਾ ਸੋਨਾ ਰੱਖ ਸਕਦੇ ਹੋ? ਜਾਣੋ ਕੀ ਕਹਿੰਦੇ ਹਨ ਆਮਦਨ ਕਰ ਦੇ ਨਵੇਂ ਨਿਯਮ!
ਨਵੀ ਦਿੱਲੀ, 15 ਜਨਵਰੀ (ਵਿਸ਼ਵ ਵਾਰਤਾ): ਭਾਰਤ ‘ਚ ਬਹੁਤ ਸਾਰੇ ਪਰਿਵਾਰ ਅਜਿਹੇ ਹੋਣਗੇ ਜੋ ਪੀੜ੍ਹੀਆਂ ਤੋਂ ਸੋਨਾ ਸਾਂਭ -ਸਾਂਭ ਰੱਖਦੇ (Gold at Home) ਆ ਰਹੇ ਹਨ, ਪਰ ਉਸ ਦਾ ਕੋਈ ਬਿੱਲ ਜਾਂ ਖਰੀਦ ਦਸਤਾਵੇਜ਼ ਉਪਲਬਧ ਨਹੀਂ ਹੋਣਗੇ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਬਿਨਾਂ ਬਿੱਲਾਂ ਦੇ ਕਿੰਨਾ ਸੋਨਾ ਘਰ ਚ ਰੱਖਿਆ ਜਾ ਸਕਦਾ ਹੈ ਅਤੇ ਛਾਪੇਮਾਰੀ ਦੌਰਾਨ ਕਿੰਨਾ ਸੋਨਾ ਜ਼ਬਤ ਨਹੀਂ ਕੀਤਾ ਜਾ ਸਕਦਾ ਹੈ।

ਆਮਦਨ ਕਰ ਵਿਭਾਗ ਦੇ ਖਾਸ ਦਿਸ਼ਾ-ਨਿਰਦੇਸ਼ ਦੇ ਤਹਿਤ ਨਿਰਧਾਰਿਤ ਮਾਤਰਾ ਵਿੱਚ ਘਰ ਚ ਰੱਖੇ ਸੋਨੇ ਨੂੰ ਆਮ ਘਰੇਲੂ ਜ਼ਰੂਰਤਾਂ ਦਾ ਹਿੱਸਾ ਮੰਨਿਆ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ, ਸੋਨਾ ਆਮ ਤੌਰ ‘ਤੇ ਜ਼ਬਤ ਨਹੀਂ ਕੀਤਾ ਜਾਂਦਾ, ਭਾਵੇਂ ਇਸ ਦਾ ਬਿੱਲ ਨਾ ਹੋਵੇ।
ਜੇਕਰ ਪਰਿਵਾਰ ਵਿੱਚ ਕੋਈ ਵਿਆਹੁਤਾ ਔਰਤ ਹੈ, ਤਾਂ ਉਸ ਲਈ 500 ਗ੍ਰਾਮ ਤੱਕ ਸੋਨਾ ਰੱਖਣਾ ਆਮ ਮੰਨਿਆ ਜਾਂਦਾ ਹੈ। ਇੰਨੀ ਮਾਤਰਾ ਵਿੱਚ ਸੋਨਾ ਆਮ ਤੌਰ ‘ਤੇ ਆਮਦਨ ਕਰ ਛਾਪਿਆਂ ਦੌਰਾਨ ਜ਼ਬਤ ਨਹੀਂ ਕੀਤਾ ਜਾਂਦਾ। ਅਣਵਿਆਹੀਆਂ ਔਰਤਾਂ ਲਈ, ਇਹ ਸੀਮਾ 250 ਗ੍ਰਾਮ ਨਿਰਧਾਰਤ ਕੀਤੀ ਗਈ ਹੈ। ਇਸਦਾ ਮਤਲਬ ਹੈ ਕਿ ਜੇਕਰ ਕਿਸੇ ਇਕ ਅਣਵਿਆਹੀ ਔਰਤ ਕੋਲ 250 ਗ੍ਰਾਮ ਤੱਕ ਦੇ ਸੋਨੇ ਦੇ ਗਹਿਣੇ ਹਨ, ਤਾਂ ਆਮ ਤੌਰ ‘ਤੇ ਆਮਦਨ ਕਰ ਛਾਪੇਮਾਰੀ ਦੌਰਾਨ ਉਸ ਤੋਂ ਪੁੱਛਗਿੱਛ ਨਹੀਂ ਕੀਤੀ ਜਾਵੇਗੀ। ਪਰਿਵਾਰ ਦੇ ਇੱਕ ਮਰਦ ਮੈਂਬਰ ਲਈ, ਇਹ ਸੀਮਾ 100 ਗ੍ਰਾਮ ਹੈ। ਜੇਕਰ ਕਿਸੇ ਆਦਮੀ ਕੋਲ 100 ਗ੍ਰਾਮ ਤੱਕ ਸੋਨਾ ਹੈ, ਤਾਂ ਇਸਨੂੰ ਆਮ ਹਾਲਤਾਂ ਵਿੱਚ ਜ਼ਬਤ ਨਹੀਂ ਕੀਤਾ ਜਾਂਦਾ। ਇਸ ਦਾ ਭਾਵ ਹੈ ਕਿ ਇੱਕ ਪਰਿਵਾਰ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ, ਤਾਂ ਉਹ ਕੁੱਲ 850 ਗ੍ਰਾਮ ਤੱਕ ਸੋਨਾ ਰੱਖ ਸਕਦੇ ਹਨ।
ਜੇਕਰ ਸੋਨਾ ਇਸ ਤੋਂ ਵੱਧ ਮਾਤਰਾ ‘ਚ ਮਿਲਦਾ ਹੈ ਅਤੇ ਤੁਸੀਂ ਇਸਦੇ ਸਰੋਤ ਬਾਰੇ ਕੋਈ ਠੋਸ ਸਬੂਤ ਜਾਂ ਦਸਤਾਵੇਜ਼ ਨਹੀਂ ਦੇ ਸਕਦੇ ਹੋ, ਤਾਂ ਆਮਦਨ ਕਰ ਵਿਭਾਗ ਇਸਨੂੰ ਅਣਐਲਾਨੀ ਜਾਇਦਾਦ ਮੰਨ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ, ਸੋਨਾ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਟੈਕਸ ਦੇ ਨਾਲ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















