ਗੁਰੂ ਘਰਾਂ ਅੰਦਰ ਯੋਗਾ ਕਰਨ ਵਾਲਿਆਂ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸਖ਼ਤ ਸੰਦੇਸ਼
ਚੰਡੀਗੜ੍ਹ, 27 ਜੁਲਾਈ(ਵਿਸ਼ਵ ਵਾਰਤਾ) ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਕੀਤਾ ਹੈ ਕਿ ਗੁਰੂ ਘਰਾਂ ‘ਚ ਯੋਗਾ ਦੀ ਕੋਈ ਥਾਂ ਨਹੀਂ ਹੈ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਯੋਗਾ ਕਰਨ ਦੀ ਕਿਸੇ ਵੀ ਤਰ੍ਹਾਂ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੀ ਮਰਿਆਦਾ ਦਾ ਪੂਰਾ ਸਤਿਕਾਰ ਕਰਨ। ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਲਈ ਗੁਰੂ ਘਰਾਂ ਦੀ ਪਵਿੱਤਰਤਾ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਉਲੰਘਣਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰੂ ਘਰ ਸਿਰਫ਼ ਗੁਰਬਾਣੀ, ਨਾਮ ਸਿਮਰਨ ਅਤੇ ਗੁਰੂ ਸਾਹਿਬ ਦੀ ਸਿੱਖਿਆ ਨਾਲ ਜੁੜਨ ਦਾ ਪਵਿੱਤਰ ਅਸਥਾਨ ਹੈ, ਇਸ ਲਈ ਇੱਥੇ ਯੋਗ ਆਸਣ ਜਾਂ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਕਰਨਾ ਸਿੱਖੀ ਮਰਿਆਦਾ ਦਾ ਉਲੰਘਣ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਯੋਗਾ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਘਰ ਜਾਂ ਇਸ ਲਈ ਨਿਰਧਾਰਤ ਸਥਾਨਾਂ ‘ਤੇ ਯੋਗ ਆਸਣ ਕਰ ਸਕਦਾ ਹੈ, ਪਰ ਗੁਰੂ ਘਰਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਲਾਜ਼ਮੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰੇ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਸਰਤ ਜਾਂ ਯੋਗ ਅਭਿਆਸ ਲਈ ਨਹੀਂ ਬਣੇ, ਸਗੋਂ ਇੱਥੇ ਆਉਣ ਦਾ ਮਕਸਦ ਗੁਰਬਾਣੀ ਦਾ ਕੀਰਤਨ ਸੁਣਨਾ, ਨਾਮ ਜਪਣਾ ਅਤੇ ਆਤਮਕ ਸ਼ਾਂਤੀ ਪ੍ਰਾਪਤ ਕਰਨਾ ਹੈ।























