ਜਰਮਨੀ ਤੋਂ ਮੰਦਭਾਗੀ ਖ਼ਬਰ! ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
– ਮਾਪਿਆਂ ਦਾ ਸੀ ਇਕਲੌਤਾ ਪੁੱਤ
ਅੰਮ੍ਰਿਤਸਰ, 3 ਜੁਲਾਈ 2026 (ਵਿਸ਼ਵ ਵਾਰਤਾ) : ਵਿਦੇਸ਼ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਜਰਮਨੀ ‘ਚ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਅਚਾਨਕ ਵਾਪਰੇ ਭਾਣੇ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਦੀ ਪਛਾਣ ਹਰਸ਼ਪ੍ਰੀਤ ਸਿੰਘ, ਪਿੰਡ ਬੁੱਢਾ ਥੇਹ ਵਜੋਂ ਹੋਈ ਹੈ। ਉਸਦੀ ਉਮਰ 16-18 ਸਾਲ ਦੱਸੀ ਜਾ ਰਹੀ ਹੈ। ਹਰਸ਼ਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੂਰੇ ਪਰਿਵਾਰ ਨੂੰ ਉਸ ਤੋਂ ਵੱਡੀਆਂ ਉਮੀਦਾਂ ਸਨ। ਪੁੱਤਰ ਦੀ ਬੇਵਕਤੀ ਮੌਤ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਰਸ਼ਪ੍ਰੀਤ ਦੇ ਪਿਤਾ ਪਿਛਲੇ ਸੱਤ ਸਾਲਾਂ ਤੋਂ ਜਰਮਨੀ ਵਿੱਚ ਰਹਿ ਰਹੇ ਹਨ ਅਤੇ ਉੱਥੇ ਹੀ ਕੰਮ ਕਰਦੇ ਹਨ। ਪਿਛਲੇ ਸਾਲ ਹੀ ਹਰਸ਼ਪ੍ਰੀਤ ਦਾ ਵੀ ਵੀਜ਼ਾ ਲੱਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਪਿਤਾ ਕੋਲ ਘੁੰਮਣ ਲਈ ਜਰਮਨੀ ਗਿਆ ਹੋਇਆ ਸੀ। ਉੱਥੇ ਉਹ ਆਪਣੇ ਕੁਝ ਦੋਸਤਾਂ ਨਾਲ ਇੱਕ ਝੀਲ ‘ਤੇ ਘੁੰਮਣ ਅਤੇ ਨਹਾਉਣ ਲਈ ਗਿਆ। ਇਸੇ ਦੌਰਾਨ ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਦੋਸਤਾਂ ਅਤੇ ਸਥਾਨਕ ਲੋਕਾਂ ਦੀਆਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਸ ਔਖੀ ਘੜੀ ਵਿੱਚ ਮਦਦ ਦੀ ਗੁਹਾਰ ਲਗਾਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























