G-7 ਸੰਮੇਲਨ ਵਿਚਾਲੇ ਛੱਡ ਕੇ ਅਮਰੀਕਾ ਵਾਪਿਸ ਪਰਤੇ ਰਾਸ਼ਟਰਪਤੀ ਟਰੰਪ
– ਇਹ ਵੱਡਾ ਕਾਰਨ ਆਇਆ ਸਾਹਮਣੇ

ਕੈਨੇਡਾ, 17 ਜੂਨ (ਵਿਸ਼ਵ ਵਾਰਤਾ): ਈਰਾਨ ਅਤੇ ਇਜ਼ਰਾਈਲ ਵਿਚਕਾਰ ਫੌਜੀ ਟਕਰਾਅ ਤੇਜ਼ ਹੋ ਗਿਆ ਹੈ ਜਿਸ ਦਾ ਪ੍ਰਭਾਵ ਕੈਨੇਡਾ ਦੇ ਅਲਬਰਟਾ ਰਾਜ ਦੇ ਕਨਾਨਾਸਕਿਸ ਵਿੱਚ ਚੱਲ ਰਹੇ G-7 ਸੰਮੇਲਨ ਵਿੱਚ ਵੀ ਦਿਖਾਈ ਦੇ ਰਿਹਾ ਹੈ। ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਕੈਨੇਡਾ ਵਿੱਚ ਚੱਲ ਰਹੇ G-7 ਸੰਮੇਲਨ ਤੋਂ ਵਾਪਸ ਆਉਣ ਦਾ ਫੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ G-7 ਸਿਖਰ ਸੰਮੇਲਨ ਨੂੰ ਵਿਚਕਾਰ ਛੱਡ ਕੇ ਅਮਰੀਕਾ ਲਈ ਰਵਾਨਾ ਹੋ ਗਏ ਹਨ।
ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਇਹ ਫੈਸਲਾ ਮੱਧ ਪੂਰਬ ਵਿੱਚ ਤਣਾਅ ਕਾਰਨ ਲਿਆ ਹੈ। ਇਸ ਦੌਰਾਨ, ਟਰੰਪ ਨੇ ਕਿਹਾ, ‘ਮੈਂ ਜੰਗਬੰਦੀ ਲਈ ਵਾਸ਼ਿੰਗਟਨ ਵਾਪਸ ਨਹੀਂ ਆ ਰਿਹਾ। ਮਾਮਲਾ ਇਸ ਤੋਂ ਕਿਤੇ ਵੱਡਾ ਹੈ।’
ਟਰੰਪ ਨੇ ਟਰੂਥ ਸੋਸ਼ਲ ‘ਤੇ ਲਿਖਿਆ ਕਿ “ਪ੍ਰਚਾਰ ਚਾਹੁਣ ਵਾਲੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਗਲਤੀ ਨਾਲ ਕਿਹਾ ਕਿ ਮੈਂ ਕੈਨੇਡਾ ਵਿੱਚ G7 ਸੰਮੇਲਨ ਛੱਡ ਕੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਲਈ ਡੀਸੀ ਵਾਪਸ ਜਾ ਰਿਹਾ ਹਾਂ। ਗਲਤ!”। ਉਨ੍ਹਾਂ ਨੂੰ ਨਹੀਂ ਪਤਾ ਕਿ ਮੈਂ ਵਾਸ਼ਿੰਗਟਨ ਕਿਉਂ ਜਾ ਰਿਹਾ ਹਾਂ, ਪਰ ਇਸਦਾ ਜੰਗਬੰਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੱਥੇ ਇੱਕ ਇਸ ਤੋਂ ਵੀ ਬਹੁਤ ਵੱਡਾ ਅਤੇ ਮਹੱਤਵਪੂਰਨ ਕੰਮ ਹੈ। ਇਮੈਨੁਅਲ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ, ਹਮੇਸ਼ਾ ਗਲਤ ਗੱਲ ਕਹਿੰਦੇ ਹਨ।”
ਦੱਸ ਦਈਏ ਕਿ ਟਰੰਪ ਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਤਹਿਰਾਨ ਦੇ ਲੋਕਾਂ ਨੂੰ ਸ਼ਹਿਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਅਮਰੀਕਾ ਇਸ ਮਾਮਲੇ ਪ੍ਰਤੀ ਬਹੁਤ ਗੰਭੀਰ ਹੈ।






















