G-20 ਸੰਮੇਲਨ ਦਾ ਅੰਮ੍ਰਿਤਸਰ ਦੇ ਖਾਲਸਾ ਕਾਲਜ ’ਚ ਅੱਜ ਤੋਂ ਹੋਵੇਗਾ ਆਗਾਜ਼
ਚੰਡੀਗੜ੍ਹ,15ਮਾਰਚ(ਵਿਸ਼ਵ ਵਾਰਤਾ)- G20 ਸੰਮੇਲਨ ਦਾ ਅੱਜ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਆਗਾਜ਼ ਹੋਵੇਗਾ। ਜੀ20 ਸੰਮੇਲਨ ਅੱਜ ਤੋਂ 17 ਮਾਰਚ ਤੱਕ ਚੱਲਦਾ ਰਹੇਗਾ। ਦੱਸ ਦਈਏ ਕਿ ਇਸ ਸੰਮੇਲਨ ’ਚ ਸਿੱਖਿਆ ਦੇ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਬੀਤੇ ਦਿਨ ਸੰਮੇਲਨ ‘ਚ ਹਿੱਸਾ ਲੈਣ ਦੇ ਲਈ ਡੈਲੀਗੇਟਸ ਅੰਮ੍ਰਿਤਸਰ ਪਹੁੰਚੇ। ਜਿਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੰਮੇਲਨ ਦੇ ਮੱਦੇਨਜ਼ਰ ਪੰਜਾਬ ਭਰ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਮੇਲਨ ਵਿੱਚ G-20 ਨਾਲ ਸਬੰਧਤ 28 ਦੇਸ਼ਾਂ ਦੇ ਲਗਭਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿਚ ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਵੱਖ -ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਇਸ ਸੰਮੇਲਨ ਵਿਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਯੂਨੈਸਕੋ, ਯੂਨੀਸੈਫ਼ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।
ਇਹ ਸੈਮੀਨਾਰ ਆਈ.ਆਈ.ਐਸ.ਸੀ. ਬੰਗਲੂਰੂ ਦੇ ਡਾਇਰੈਕਟਰ ਪ੍ਰੋਫੈਸਰ ਗੋਬਿੰਦ ਰੰਗਰਾਜਨ ਵੱਲੋਂ G-20 ਦੇਸ਼ਾਂ ਵਿਚ ਖੋਜ ਪਹਿਲਕਦਮੀਆਂ ਉਤੇ ਇਕ ਪੇਸ਼ਕਾਰੀ ਨਾਲ ਸ਼ੁਰੂ ਹੋਵੇਗਾ। ਸੈਮੀਨਾਰ ਵਿਚ ਦੋ ਸੈਸ਼ਨ ਵਿਚਾਰ ਵਟਾਂਦਰੇ ਦੇ ਵੀ ਹੋਣਗੇ, ਜਿਨ੍ਹਾਂ ਵਿਚੋਂ ਇਕ ਦੀ ਪ੍ਰਧਾਨਗੀ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫ਼ੈਸਰ ਰਾਜੀਵ ਆਹੂਜਾ ਕਰਨਗੇ, ਜਦੋਂ ਕਿ ਦੂਜੇ ਸੈਸ਼ਨ ਦੀ ਪ੍ਰਧਾਨਗੀ ਟੀਆਈਐੱਸਐੱਸ ਮੁੰਬਈ ਦੀ ਡਾਇਰੈਕਟਰ ਡਾ. ਸ਼ਾਲਿਨੀ ਭਾਰਤ ਵੱਲੋਂ ਕੀਤੀ ਜਾਵੇਗੀ। ਪੈਨਲ ਚਰਚਾ ਵਿਚ ਭਾਰਤ ਸਮੇਤ ਫਰਾਂਸ, ਇੰਗਲੈਂਡ, ਆਸਟਰੇਲੀਆ, ਓਮਾਨ, ਦੱਖਣੀ ਅਫਰੀਕਾ, ਯੂਨੀਸੈਫ਼ ਚੀਨ ਆਦਿ ਮੁਲਕਾਂ ਦੇ ਪ੍ਰਤੀਨਿਧ ਹਿੱਸਾ ਲੈਣਗੇ। ਸੈਮੀਨਾਰ ਦੇ ਨਾਲ ਹੀ ਇਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਖੋਜ, ਨਵੀਨਤਾ, ਸਹਿਯੋਗ ਤੇ ਸਾਂਝੇਦਾਰੀ ਸਬੰਧੀ ਯਤਨਾਂ ਦੀ ਪੇਸ਼ਕਾਰੀ ਹੋਵੇਗੀ।