football team Coach : ਭਾਰਤੀ ਫੁੱਟਬਾਲ ਟੀਮ ਨੂੰ 13 ਸਾਲਾਂ ਬਾਅਦ ਮਿਲਿਆ ਭਾਰਤੀ ਕੋਚ
– ਇਸ ਸਾਬਕਾ ਖਿਡਾਰੀ ਨੂੰ ਸੌਪੀ ਜ਼ਿੰਮੇਵਾਰੀ

ਨਵੀ ਦਿੱਲੀ, 1 ਅਗਸਤ (ਵਿਸ਼ਵ ਵਾਰਤਾ): ਭਾਰਤੀ ਫੁੱਟਬਾਲ ਟੀਮ ਦੇ ਨਵੇਂ ਕੋਚ ਦਾ ਐਲਾਨ ਹੋ ਗਿਆ ਹੈ। ਖਾਲਿਦ ਜਮੀਲ ਨੂੰ ਭਾਰਤੀ ਪੁਰਸ਼ ਰਾਸ਼ਟਰੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਇਹ ਐਲਾਨ ਕੀਤਾ ਹੈ।
ਦੱਸ ਦਈਏ ਕਿ 13 ਸਾਲਾਂ ਬਾਅਦ, ਭਾਰਤੀ ਟੀਮ ਨੂੰ ਇੱਕ ਭਾਰਤੀ ਕੋਚ ਮਿਲਿਆ ਹੈ। ਏਆਈਐਫਐਫ ਦੀ ਕਾਰਜਕਾਰੀ ਕਮੇਟੀ ਨੇ ਸਾਬਕਾ ਕਪਤਾਨ ਆਈਐਮ ਵਿਜਯਨ ਦੀ ਅਗਵਾਈ ਵਾਲੀ ਤਕਨੀਕੀ ਕਮੇਟੀ ਦੀ ਮੌਜੂਦਗੀ ਵਿੱਚ ਖਾਲਿਦ ਜਮੀਲ ਨੂੰ ਭਾਰਤੀ ਫੁੱਟਬਾਲ ਟੀਮ ਦੇ ਨਵੇਂ ਮੁੱਖ ਕੋਚ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ। ਖਾਲਿਦ ਜਮੀਲ ਸਪੇਨ ਦੇ ਮਨੋਲੋ ਮਾਰਕੇਜ਼ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਭਾਰਤੀ ਟੀਮ ਪਿਛਲੇ ਇੱਕ ਸਾਲ ਵਿੱਚ ਕੋਈ ਵੀ ਮੈਚ ਨਹੀਂ ਜਿੱਤ ਸਕੀ।
ਏਆਈਐਫਐਫ ਤਕਨੀਕੀ ਕਮੇਟੀ ਨੇ ਰਾਸ਼ਟਰੀ ਟੀਮ ਦੇ ਨਿਰਦੇਸ਼ਕ ਸੁਬਰਤ ਪਾਲ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 22 ਜੁਲਾਈ ਨੂੰ ਕੋਚ ਲਈ ਤਿੰਨ ਨਾਵਾਂ ਦੀ ਸੂਚੀ ਤਿਆਰ ਕੀਤੀ ਸੀ। ਇਸ ਵਿੱਚ ਸਾਬਕਾ ਰਾਸ਼ਟਰੀ ਕੋਚ ਸਟੀਫਨ ਕਾਂਸਟੈਂਟਾਈਨ, ਸਲੋਵਾਕੀਅਨ ਮੈਨੇਜਰ ਸਟੀਫਨ ਤਾਰਕੋਵਿਕ ਅਤੇ ਖਾਲਿਦ ਜਮੀਲ ਦੇ ਨਾਮ ਸ਼ਾਮਲ ਸਨ। ਅੱਜ ਸ਼ੁੱਕਰਵਾਰ, 1 ਅਗਸਤ ਨੂੰ, ਖਾਲਿਦ ਜਮੀਲ ਨੂੰ ਭਾਰਤੀ ਟੀਮ ਦੇ ਨਵੇਂ ਕੋਚ ਵਜੋਂ ਘੋਸ਼ਿਤ ਕੀਤਾ ਗਿਆ।























