ਚੰਡੀਗੜ੍ਹ ‘ਚ ਫਾਇਰਿੰਗ: ਵਕੀਲ ਨੇ ਔਰਤ ਨੂੰ ਮਾਰੀ ਗੋਲੀ
ਚੰਡੀਗੜ੍ਹ, 1 ਅਗਸਤ 2026 (ਵਿਸ਼ਵ ਵਾਰਤਾ): ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਲਗਭਗ 1 ਵਜੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਔਰਤ ਦੀ ਪਛਾਣ ਮਨਵਿੰਦਰ ਕੌਰ ਵਜੋਂ ਹੋਈ ਹੈ। ਮਨਵਿੰਦਰ ਕੌਰ ਅਦਾਲਤ ਦੇ ਹੁਕਮਾਂ ਤਹਿਤ ਆਪਣੇ ਘਰ ਦਾ ਕਬਜ਼ਾ ਲੈਣ ਪਹੁੰਚੀ ਸੀ। ਇਸ ਕਾਰਵਾਈ ਦੌਰਾਨ ਉਨ੍ਹਾਂ ਦੇ ਨਾਲ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
ਇਸੇ ਦੌਰਾਨ ਕਬਜ਼ਾ ਕਰਕੇ ਬੈਠੇ ਵਕੀਲ ਜੇ.ਪੀ.ਐਸ. ਚੱਢਾ ਨੇ ਗੋਲੀ ਚਲਾ ਦਿੱਤੀ। ਜਿਸ ਨਾਲ ਔਰਤ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ। ਪੁਲਿਸ ਨੇ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਧੀਰਜ ਨੇ ਦੱਸਿਆ ਕਿ ਜਿਸ ਮਕਾਨ ‘ਤੇ ਐਡਵੋਕੇਟ ਜੇਪੀਐਸ ਚੱਢਾ ਦਾ ਕਬਜ਼ਾ ਸੀ, ਉਹ ਪਹਿਲਾਂ ਕਿਰਾਏ ‘ਤੇ ਲਿਆ ਗਿਆ ਸੀ। ਸ਼ਨੀਵਾਰ ਨੂੰ ਮਕਾਨ ਦੀ ਮਾਲਕਣ ਮਨਜਿੰਦਰ ਕੌਰ ਅਦਾਲਤ ਦੇ ਹੁਕਮਾਂ ‘ਤੇ ਆਪਣਾ ਕਬਜ਼ਾ ਲੈਣ ਪਹੁੰਚੀ ਸੀ। ਉਨ੍ਹਾਂ ਦੇ ਨਾਲ ਅਦਾਲਤ ਦਾ ਇੱਕ ਮੈਂਬਰ ਅਤੇ ਚੰਡੀਗੜ੍ਹ ਪੁਲਿਸ ਦੇ ਜਵਾਨ ਵੀ ਮੌਜੂਦ ਸਨ।
ਡੀਐਸਪੀ ਦੇ ਅਨੁਸਾਰ, ਅਦਾਲਤ ਦੇ ਹੁਕਮਾਂ ਤਹਿਤ ਮਕਾਨ ਦਾ ਤਾਲਾ ਤੋੜ ਕੇ ਮਾਲਕ ਨੂੰ ਕਬਜ਼ਾ ਦਿਵਾਇਆ ਜਾਣਾ ਸੀ। ਜਦੋਂ ਤਾਲਾ ਤੋੜਨ ਤੋਂ ਬਾਅਦ ਮਨਜਿੰਦਰ ਕੌਰ ਘਰ ਦੇ ਅੰਦਰ ਜਾਣ ਲੱਗੀ, ਉਦੋਂ ਹੀ ਪਿੱਛੇ ਦੀ ਖਿੜਕੀ ਤੋਂ ਐਡਵੋਕੇਟ ਜੇਪੀਐਸ ਚੱਢਾ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਸਿਰ ਵਿੱਚ ਲੱਗੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਮੁਲਜ਼ਮ ਐਡਵੋਕੇਟ ਜੇਪੀਐਸ ਚੱਢਾ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਮਨਜਿੰਦਰ ਕੌਰ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























