ਅੰਤਰਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ‘ਚ Fazilka Police ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ, ਓਲੰਪੀਅਨ ਵਿਜੇਂਦਰ ਸਿੰਘ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਦਾ ਦਿੱਤਾ ਸੰਦੇਸ਼
ਫਾਜ਼ਿਲਕਾ,16 ਮਾਰਚ (ਵਿਸ਼ਵ ਵਾਰਤਾ): Fazilka Police ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੱਜ ਅਬੋਹਰ ਵਿਖੇ ਪੰਜਾਬੀ ਵਾਰੀਅਰਜ਼ ਸਪੋਰਟਸ ਕਲੱਬ ਦੇ ਸਹਿਯੋਗ ਨਾਲ “ਅੰਤਰਰਾਸ਼ਟਰੀ ਪ੍ਰੋਫੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।
ਇਸ ਮੌਕੇ ਓਲੰਪੀਅਨ ਵਿਜੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਖਿਡਾਰੀਆਂ ਅਤੇ ਹਾਜ਼ਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਲਈ ਇੱਕ ਸ਼ਕਤੀਸ਼ਾਲੀ ਹਥਿਆਰ ਹਨ, ਜੋ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਂਦੀਆਂ ਹਨ।
ਇਸ ਦੌਰਾਨ, ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਵੀ ਚੈਂਪੀਅਨਸ਼ਿਪ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
*ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ – ਨੌਜਵਾਨਾਂ ਲਈ ਪ੍ਰੇਰਣਾਦਾਇਕ ਸੁਨੇਹਾ*
ਚੈਂਪੀਅਨਸ਼ਿਪ ਦੌਰਾਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਨਸ਼ਿਆਂ ਦੀ ਸਮੱਸਿਆ ਨੂੰ ਸਮਾਜਿਕ ਯਤਨਾਂ ਦੁਆਰਾ ਹੀ ਜੜੋਂ ਖਤਮ ਕੀਤਾ ਜਾ ਸਕਦਾ ਹੈ। ਖੇਡਾਂ ਸਾਡੇ ਨੌਜਵਾਨਾਂ ਨੂੰ ਉੱਚ ਆਦਰਸ਼ ਅਤੇ ਉੱਤਮ ਜੀਵਨ ਜੀਊਣ ਦੀ ਪ੍ਰੇਰਣਾ ਦਿੰਦੀਆਂ ਹਨ।”
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਸੁਚੇਤ ਕਰਦੇ ਹੋਏ ਕਿਹਾ, “ਇਹ ਚੈਂਪੀਅਨਸ਼ਿਪ ਸਾਡੇ ਨੌਜਵਾਨਾਂ ਨੂੰ ਇੱਕ ਸ਼ਾਨਦਾਰ ਮੰਚ ਪ੍ਰਦਾਨ ਕਰਦੀ ਹੈ, ਜਿੱਥੇ ਉਹ ਆਪਣੀ ਖੇਡ ਪ੍ਰਤੀਭਾ ਦਾ ਮੁਜਾਹਰਾ ਕਰ ਸਕਦੇ ਹਨ। ਫਾਜ਼ਿਲਕਾ ਪੁਲਿਸ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਦ੍ਰਿੜ ਸੰਕਲਪਿਤ ਹੈ, ਅਤੇ ਇਸ ਉਦੇਸ਼ ਲਈ ਲੋਕਾਂ ਦਾ ਸਹਿਯੋਗ ਵੀ ਲਾਜ਼ਮੀ ਹੈ।” ਉਹਨਾਂ ਇਹ ਵੀ ਕਿਹਾ ਕਿ ਫਾਜ਼ਿਲਕਾ ਪੁਲਿਸ ਵਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਆਉਣ ਵਾਲੇ ਸਮੇਂ ‘ਚ ਵੀ ਜਾਰੀ ਰਹਿਣਗੀਆਂ, ਤਾਂ ਜੋ ਨਸ਼ਿਆਂ ਤੋਂ ਮੁਕਤ, ਤੰਦਰੁਸਤ ਅਤੇ ਜੋਸ਼ੀਲਾ ਪੰਜਾਬ ਬਣਾਇਆ ਜਾ ਸਕੇ।