ਪੁਲਿਸ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਸੰਪਰਕ ਪ੍ਰੋਜੈਕਟ- ਐਸਐਸਪੀ
ਫਾਜ਼ਿਲਕਾ 5 ਫਰਵਰੀ( ਵਿਸ਼ਵ ਵਾਰਤਾ)-ਐਨ ਕੋਰਡ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਆਨਲਾਈਨ ਮੋਡ ਵਿੱਚ ਹੋਈ ਜਿਸ ਵਿੱਚ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ, ਏਡੀਸੀ ਜਰਨਲ ਡਾ ਮਨਦੀਪ ਕੌਰ, ਐਸਪੀ ਸ੍ਰੀ ਪ੍ਰਦੀਪ ਸੰਧੂ, ਡਿਪਟੀ ਕਮਿਸ਼ਨਰ ਦਫ਼ਤਰ ਤੋਂ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਉਪਰਾਲੇ ਕੀਤੇ ਜਾਣ। ਉਹਨਾਂ ਨੇ ਹਦਾਇਤ ਕੀਤੀ ਕਿ ਸਕੂਲਾਂ ਤੇ ਕਾਲਜਾਂ ਵਿੱਚ ਸਹਿ ਵਿਦਿਅਕ ਗਤੀਵਿਧੀਆਂ ਕਰਵਾਈਆਂ ਜਾਣ ਅਤੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਨਿਰਮਾਣ ਤੇ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਉਹਨਾਂ ਨੇ ਹਦਾਇਤ ਕੀਤੀ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਜੋੜਿਆ ਜਾਵੇ।
ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸੇ ਦੀ ਤਸਕਰੀ ਨੂੰ ਰੋਕਣ ਲਈ ਜਿੱਥੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਜ਼ੇਲ੍ਹਾ ਵਿੱਚ ਬੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਸੰਪਰਕ ਪ੍ਰੋਜੈਕਟ ਦੇ ਤਹਿਤ ਲੋਕਾਂ ਨਾਲ ਵੀ ਪੁਲਿਸ ਦੀ ਸਾਂਝ ਮਜ਼ਬੂਤ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੋਕਾਂ ਨੂੰ ਨਸ਼ੇ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਤੋਂ ਡਾ ਮਹੇਸ਼ ਨੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਚਾਰ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਦੀ ਨਿਯਮਿਤ ਜਾਂਚ ਕੀਤੀ ਗਈ ਹੈ। ਡਰੱਗ ਇੰਸਪੈਕਟਰ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਦਵਾਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਦਵਾਈਆਂ ਦੀਆਂ ਦੁਕਾਨਾਂ ਤੇ ਕੋਈ ਨਸ਼ੇ ਵਾਲੀ ਦਵਾਈ ਦੀ ਨਜਾਇਜ਼ ਵਿਕਰੀ ਨਾ ਹੁੰਦੀ ਹੋਵੇ। ਪਿੱਛਲੇ ਮਹੀਨੇ ਦੋ ਦੁਕਾਨਾਂ ਦੇ ਲਾਇਸੈਂਸ ਮੁਅੱਤਲ ਵੀ ਕੀਤੇ ਗਏ ਹਨ। ਜ਼ਿਲ੍ਹਾ ਖੇਡ ਅਫਸਰ ਵੱਲੋਂ ਦੱਸਿਆ ਗਿਆ ਕਿ ਹਰ ਹਫਤੇ ਵੱਖ-ਵੱਖ ਖੇਡ ਵਿੰਗਾਂ ਵਿੱਚ ਮੈਚ ਕਰਵਾਏ ਜਾ ਰਹੇ ਹਨ । ਅੰਤ ਵਿੱਚ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਆਪਸੀ ਤਾਲਮੇਲ ਨਾਲ ਨਸ਼ਾ ਮੁਕਤ ਸਮਾਜ ਸਿਰਜਣ ਲਈ ਹਰੇਕ ਵਿਭਾਗ ਆਪਣੀ ਬਣਦੀ ਭੂਮਿਕਾ ਨਿਭਾਏ।