Fazilka : ਜੁਗਾੜੂ ਰੇਹੜੇ ਨੇ ਸਕੂਟੀ ਸਵਾਰ ਨਾਬਾਲਗ ਕੁੜੀਆਂ ਨੂੰ ਮਾਰੀ ਟੱਕਰ, 13 ਸਾਲਾ ਕੁੜੀ ਦੀ ਮੌਤ
ਫਾਜ਼ਿਲਕਾ, 5 ਮਈ 2026 (ਵਿਸ਼ਵ ਵਾਰਤਾ): ਮਲੋਟ ਰੋਡ ‘ਤੇ ਪਿੰਡ ਇਸਲਾਮਵਾਲਾ ਦੇ ਨਜ਼ਦੀਕ ਸਕੂਟੀ ਸਵਾਰ ਇੱਕ ਬੱਚੇ ਅਤੇ ਦੋ ਨਾਬਾਲਗ ਕੁੜੀਆਂ ਨੂੰ ਇੱਕ ਜੁਗਾੜੂ ਰੇਹੜੇ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜ਼ਖ਼ਮੀ ਹੋਈਆਂ ਦੋਵਾਂ ਕੁੜੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਕੁੜੀ ਦੀ ਮੌਤ ਹੋ ਗਈ। ਜਦਕਿ ਦੂਜੀ ਕੁੜੀ ਦੀ ਲੱਤ ਟੁੱਟਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਟੀ ‘ਤੇ ਸਵਾਰ ਹੋ ਕੇ ਤਿੰਨੋਂ ਜੂਸ ਪੀਣ ਲਈ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਇਸਲਾਮਵਾਲਾ ਤੋਂ 13 ਸਾਲਾ ਕਾਜਲ ਨਾਮ ਦੀ ਕੁੜੀ ਆਪਣੇ ਭਰਾ ਨਾਲ ਸਕੂਟੀ ‘ਤੇ ਸਵਾਰ ਹੋ ਕੇ ਆਪਣੀ ਸਹੇਲੀ ਸਿਮਰ ਦੇ ਘਰ ਗਈ ਸੀ। ਉੱਥੋਂ ਉਸ ਨੇ ਆਪਣੀ ਸਹੇਲੀ ਨੂੰ ਨਾਲ ਲਿਆ ਅਤੇ ਪਿੰਡ ਦੇ ਅੱਡੇ ‘ਤੇ ਜੂਸ ਪੀਣ ਲਈ ਚਲੀ ਗਈ। ਇੰਨੇ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਜੁਗਾੜੂ ਰੇਹੜੇ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਕੁੜੀਆਂ ਜ਼ਖ਼ਮੀ ਹੋ ਗਈਆਂ। ਜਦਕਿ ਉਨ੍ਹਾਂ ਦੇ ਨਾਲ ਸਵਾਰ ਛੋਟਾ ਤਿੰਨ ਸਾਲਾ ਬੱਚਾ ਇੱਕ ਪਾਸੇ ਡਿੱਗ ਪਿਆ।
ਸੜਕ ਸੁਰੱਖਿਆ ਫੋਰਸ (SSF) ਨੇ ਜ਼ਖ਼ਮੀਆਂ ਨੂੰ ਫਾਜ਼ਿਲਕਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਕਾਜਲ ਨੂੰ ਮ੍ਰਿਤਕ ਐਲਾਨ ਦਿੱਤਾ। ਕਾਜਲ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ। ਹਾਦਸੇ ਵਿੱਚ ਕਾਜਲ ਦੇ 3 ਸਾਲਾ ਭਰਾ ਅਤੇ ਸਹੇਲੀ ਦਾ ਬਚਾਅ ਹੋ ਗਿਆ। ਹਾਲਾਂਕਿ, ਉਸਦੀ ਸਹੇਲੀ ਦੀ ਲੱਤ ਦੋ ਜਗ੍ਹਾ ਤੋਂ ਟੁੱਟ ਗਈ ਹੈ, ਜਿਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























