PUNJAB ਸਰਕਾਰ ਵੱਲੋਂ ਕਿਸਾਨਾਂ ਨੂੰ ਬਾਗਬਾਨੀ ਖੇਤਰ ਵਿੱਚ ਮਿਲ ਰਿਹਾ ਪੂਰਾ ਸਮਰਥਨ
ਪਿੰਡ ਸੰਦੌੜ ਦੇ ਕਿਸਾਨ ਤੀਰਥ ਸਿੰਘ ਨੇ ਬਾਗਬਾਨੀ ਦੇ ਖੇਤਰ ਵਿੱਚ ਬਣਾਈ ਆਪਣੀ ਵੱਖਰੀ ਪਹਿਚਾਣ
ਫ਼ਸਲੀ ਵਿਭਿੰਨਤਾ ਅਪਣਾ ਕੇ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਦਾ ਹੈ ਕਿਸਾਨ
ਚੰਡੀਗੜ੍ਹ, ਫਰਵਰੀ 1 (ਵਿਸ਼ਵ ਵਾਰਤਾ):- ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ PUNJAB ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫਸਲੀ ਵਿਭਿੰਨਤਾ ਨੂੰ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਬਾਗਬਾਨੀ ਖੇਤਰ ਵੱਲ ਪ੍ਰੇਰਿਤ ਕਰਨ ਲਈ ਹਰ ਸੰਭਵ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ।
ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਸਮੇਂ ਸਮੇਂ ਤੇ ਮਿਲੇ ਸਮਰਥਨ ਨਾਲ ਜਿਲ੍ਹਾ ਸੰਗਰੂਰ ਦੇ ਪਿੰਡ ਸੰਦੌੜ ਦੇ ਅਗਾਂਹਵਧੂ ਅਤੇ ਮਿਹਨਤੀ ਕਿਸਾਨ ਸ੍ਰੀ ਤੀਰਥ ਸਿੰਘ ਨੇ ਬਾਗਬਾਨੀ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਕਿਸਾਨ ਤੀਰਥ ਸਿੰਘ ਨੇ ਖੇਤੀ ਵਿਭਿੰਨਤਾ ਵੱਲ ਹੁੰਗਾਰਾ ਭਰਦਿਆ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ।
ਕਿਸਾਨ ਸ੍ਰੀ ਤੀਰਥ ਸਿੰਘ ਨੇ ਸਾਲ 1996-97 ਤੋਂ ਬਾਗਬਾਨੀ ਵਿਭਾਗ ਨਾਲ ਜੁੜ ਕੇ ਰਵਾਇਤੀ ਫਸਲਾਂ ਤੋਂ ਹਟ ਕੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ 800 ਤੋਂ ਵੱਧ ਸਬਜ਼ੀ ਦਾ ਉਤਪਾਦ ਕਰਨ ਵਾਲੇ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੀਆਂ ਪਨੀਰੀਆਂ ਮੁਹੱਈਆ ਕਰਵਾ ਰਿਹਾ ਹੈ। ਤੀਰਥ ਸਿੰਘ ਹੁਣ 4 ਏਕੜ ਜ਼ਮੀਨ ‘ਤੇ ਪਿਆਜ਼ ਦੀਆਂ ਪਨੀਰੀਆਂ, ਹਾਈਬ੍ਰਿਡ ਮਿਰਚ ਅਤੇ ਹੋਰ ਕਈ ਕਿਸਮਾਂ ਦੀਆਂ ਪਨੀਰੀਆਂ ਉਗਾਉਂਦਾ ਹੈ। ਉਨ੍ਹਾਂ ਦੇ ਇਸ ਕੰਮ ਨਾਲ ਨਾ ਸਿਰਫ਼ ਉਨ੍ਹਾਂ ਦੀ ਆਪਣੀ ਆਮਦਨ ਵਿੱਚ ਵਾਧਾ ਹੋਇਆ ਹੈ ਸਗੋਂ ਹੋਰ ਕਿਸਾਨਾਂ ਵੀ ਫ਼ਸਲੀ ਵਿਭਿੰਨਤਾ ਅਪਣਾ ਕੇ ਬਾਗਬਾਨੀ ਵੱਲ ਪ੍ਰੇਰਿਤ ਹੋਏ।
ਕਿਸਾਨ ਤੀਰਥ ਸਿੰਘ ਦੇ ਯਤਨਾਂ ਨੂੰ ਪੰਜਾਬ ਸਰਕਾਰ ਅਤੇ ਬਾਗਬਾਨੀ ਵਿਭਾਗ ਦਾ ਪੂਰਾ ਸਮਰਥਨ ਮਿਲਿਆ ਹੈ। ਉਨ੍ਹਾਂ ਨੂੰ ਕ੍ਰਿਸ਼ੀ ਸੰਸਥਾ ਤੋਂ ਸਨਮਾਨ ਅਤੇ ਜਿਲ੍ਹਾ ਪੱਧਰ ‘ਤੇ ਕਈ ਇਨਾਮ ਮਿਲ ਚੁੱਕੇ ਹਨ। ਭਾਵੇਂ ਤੀਰਥ ਸਿੰਘ ਦੀ ਸਿੱਖਿਆ ਕੇਵਲ ਦਸਵੀਂ ਪਾਸ ਹੈ ਪਰ ਉਨ੍ਹਾਂ ਦੀ ਮਿਹਨਤ ਅਤੇ ਸਿੱਖਣ ਦੀ ਲਗਨ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਕਿਸਾਨਾਂ ਤੀਰਥ ਸਿੰਘ ਨੇ ਹੋਰ ਕਿਸਾਨਾਂ ਨੂੰ ਆਪਣਾ ਸੰਦੇਸ਼ ਦਿੰਦਿਆ ਕਿਹਾ ਕਿ “ਸਾਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਰਵਾਇਤੀ ਖੇਤੀ ਤੋਂ ਹਟ ਕੇ ਬਾਗਬਾਨੀ ਅਤੇ ਸਬਜ਼ੀ ਉਤਪਾਦਨ ਵੱਲ ਵੱਧਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਵਧੀਆ ਆਮਦਨ ਮਿਲੇਗੀ, ਸਗੋਂ ਮਿੱਟੀ ਦੀ ਉਰਵਰਤਾ ਵੀ ਬਰਕਰਾਰ ਰਹੇਗੀ।”
ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਸਾਨੂੰ ਖੇਤੀ ਵਿਭਿੰਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫੇਦਾਰ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਕੁਦਰਤੀ ਸੋਮਿਆਂ ਨੂੰ ਬਚਾਇਆ ਜਾ ਸਕੇ। ਉਨ੍ਹਾ ਦੱਸਿਆ ਕਿ ਬਾਗ਼ਬਾਨੀ ਵਿਭਾਗ ਸੂਬੇ ਵਿੱਚ ਬਾਗਬਾਨੀ ਖੇਤਰ ਨੂੰ ਉਤਸ਼ਾਹ ਕਰਨ ਲਈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਦੇ ਨਾਲ-ਨਾਲ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਵੱਖ- ਵੱਖ ਸਕੀਮਾਂ ਜਿਵੇ ਨਵੇਂ ਬਾਗ ਲਗਾਉਣ, ਹਾਈਬ੍ਰੀਡ ਸਬਜ਼ੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਖੁੰਬ ਪੈਦਾਵਾਰ ਯੂਨਿਟ, ਵਰਮੀ ਕੰਪੋਸਟ ਯੂਨਿਟ, ਸੁਰੱਖਿਅਤ ਖੇਤੀ ਲਈ ਪੌਲੀ ਹਾਊਸ/ਨੈਟ ਹਾਊਸ, ਯੂਨਿਟ ਸਥਾਪਿਤ ਕਰਨ ਅਤੇ ਇਸ ਯੂਨਿਟ ਅਧੀਨ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ, ਸ਼ਹਿਦ ਮੱਖੀ ਪਾਲਣ ਆਦਿ ਉਦਮਾਂ ਵਿੱਚ ਸਰਕਾਰ ਕਿਸਾਨ ਦੀ ਪੂਰੀ ਸਹਾਇਤਾ ਕਰ ਰਹੀ ਹੈ। ਉਨ੍ਹਾ ਕਿਹਾ ਕਿ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਬੰਧਤ ਬਾਗਬਾਨੀ ਅਧਿਕਾਰੀ ਜਾਂ ਜ਼ਿਲ੍ਹਾ ਦੇ ਮੁੱਖੀ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।
*****