Emergency Review: ਕਿਹੋ ਜਿਹੀ ਹੈ ਕੰਗਨਾ ਦੀ ਫਿਲਮ ‘ਚ ‘ਐਮਰਜੈਂਸੀ’?
- ਵਿਵਾਦਾਂ ਵਿਚਾਲੇ ਅੱਜ ਸਿਨੇਮਾਘਰਾਂ ‘ਚ ਦਿੱਤੀ ਦਸਤਕ
- 25 ਕਰੋੜ ਦੇ ਬਜਟ ਨਾਲ ਬਣੀ ‘ਐਮਰਜੈਂਸੀ’ ਤੋਂ ਕੰਗਨਾ ਨੂੰ ਵੱਡੀਆਂ ਉਮੀਦਾਂ
ਨਵੀ ਦਿੱਲੀ,17 ਜਨਵਰੀ: ਵਿਵਾਦਾਂ ਵਿਚਾਲੇ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ‘ਚ ਕੰਗਨਾ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਦੀ 2 ਘੰਟੇ 28 ਮਿੰਟ ਦੀ ਹੈ। ਕੰਗਨਾ ਰਣੌਤ ਦੇ ਫਿਲਮੀ ਕਰੀਅਰ ਲਈ ‘ਐਮਰਜੈਂਸੀ’ ਬਹੁਤ ਅਹਿਮੀਅਤ ਰੱਖਦੀ ਹੈ। ਜਿਸ ‘ਚ 1975 ਤੋਂ 1977 ਦਰਮਿਆਨ ਕਰੀਬ 22 ਮਹੀਨੇ ਚੱਲੀ ਐਮਰਜੈਂਸੀ ਨੂੰ ਦਿਖਾਇਆ ਗਿਆ ਹੈ। 2015 ‘ਚ ‘ਤਨੂ ਵੈਡਸ ਮਨੁ ਰਿਟਰਨਸ’ ਦੀ ਸਫਲਤਾ ਤੋਂ ਬਾਅਦ ਤੋਂ ਹੀ ਉਹ ਵੱਡੀ ਹਿੱਟ ਫਿਲਮ ਲਈ ਤਰਸ ਰਹੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਕੰਗਨਾ ਦੀਆਂ 10 ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਪਰ ਔਸਤ ਫਿਲਮ ਦਾ ਟੈਗ ਸਿਰਫ਼ ‘ਮਣੀਕਰਨਿਕਾ’ ਹੀ ਹਾਸਲ ਕਰ ਸਕੀ। ਕੰਗਨਾ ਦੀਆਂ ਬਾਕੀ ਸਾਰੀਆਂ ਫ਼ਿਲਮਾਂ ਫਲਾਪ ਰਹੀਆਂ। ਹੁਣ ਉਹ 25 ਕਰੋੜ ਦੇ ਬਜਟ ਨਾਲ ‘ਐਮਰਜੈਂਸੀ’ ਲੈ ਕੇ ਆਈ ਹੈ, ਜਿਸ ‘ਚ ਉਹ ਨਾ ਸਿਰਫ ਮੁੱਖ ਭੂਮਿਕਾ ‘ਚ ਹੈ ਸਗੋਂ ਇਸ ਦੀ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਵੀ ਹੈ।
ਦੱਸ ਦਈਏ ਕਿ ਫਿਲਮ ‘ਐਮਰਜੈਂਸੀ’ ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ, ਆਪ੍ਰੇਸ਼ਨ ਬਲੂ ਸਟਾਰ, ਖਾਲਿਸਤਾਨੀ ਅੰਦੋਲਨ ਅਤੇ ਇੰਦਰਾ ਗਾਂਧੀ ਦੀ ਹੱਤਿਆ ਵਰਗੀਆਂ ਘਟਨਾਵਾਂ ਦਾ ਜ਼ਿਕਰ ਹੈ। ਪਰ ਇਨ੍ਹਾਂ ਘਟਨਾਵਾਂ ਦੇ ਵਿਚਕਾਰ ਕਹਾਣੀ ਐਮਰਜੈਂਸੀ ਦੇ ਦੌਰ ਦੇ ਰਾਜਨੀਤਿਕ ਅਤੇ ਭਾਵਨਾਤਮਕ ਪਹਿਲੂਆਂ ‘ਤੇ ਵੀ ਵਧੇਰੇ ਜ਼ੋਰ ਦਿੰਦੀ ਹੈ।ਫਿਲਮ ਦੇ ਹਰ ਫਰੇਮ ਵਿੱਚ 1970 ਦੇ ਦਹਾਕੇ ਦੇ ਭਾਰਤ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਲੈ ਕੇ ਉਨ੍ਹਾਂ ਦੀ ਮੌਤ ਤੱਕ ਦਾ ਸਫ਼ਰ ਦਿਖਾਇਆ ਗਿਆ ਹੈ। ਇੰਦਰਾ ਗਾਂਧੀ ਨੂੰ ਅਸਾਮ ਅਤੇ ਚੀਨ ਵਿਚਾਲੇ ਸੁਲ੍ਹਾ ਕਰਵਾਉਂਦਿਆਂ ਵੀ ਦਿਖਾਇਆ ਗਿਆ ਹੈ। ਐਮਰਜੈਂਸੀ ਵਿਚ ਇੰਦਰਾ ਦੇ ਸ਼ਿਮਲਾ ਸਮਝੌਤੇ ਦੀ ਕਹਾਣੀ ਵੀ ਦੱਸੀ ਗਈ ਹੈ ਅਤੇ ਮਾਂ ਇੰਦਰਾ ਦੀ ਪੁੱਤਰ ਸੰਜੇ ਗਾਂਧੀ ਨਾਲ ਨੇੜਤਾ ਵੀ ਦਿਖਾਈ ਗਈ ਹੈ। ਫਿਲਮ ਦਾ ਸੰਗੀਤ ਵੀ ਬਹੁਤ ਪ੍ਰਭਾਵਸ਼ਾਲੀ ਹੈ।
ਇਸ ਦੇ ਨਾਲ ਹੀ ਐਮਰਜੈਂਸੀ ਫ਼ਿਲਮ ਦੀ ਰੀਲੀਜ਼ ਕਾਰਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਪੰਜਾਬ ‘ਚ ਫਿਲਮ ਦੇ ਰਿਲੀਜ਼ ਤੇ ਰੋਕ ਦੀ ਮੰਗ ਕੀਤੀ ਗਈ। SGPC ਨੇ ਬੀਤੇ ਕੱਲ੍ਹ (ਵੀਰਵਾਰ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕੰਗਨਾ ਰਣੌਤ ਦੀ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਪਾਬੰਦੀ ਦੀ ਮੰਗ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਦੇ ਅਕਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਫਿਲਮ ਵਿੱਚ ਇਤਿਹਾਸ ਨਾਲ ਵੀ ਛੇੜਛਾੜ ਕੀਤੀ ਗਈ ਹੈ। ਸਿੱਖ ਜਥੇਬੰਦੀਆਂ ਵੱਲੋਂ ਕਾਲੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਲਾਅ ਸਟੂਡੈਂਟ ਹਰਪ੍ਰੀਤ ਸਿੰਘ ਦੀ ਤਰਫੋਂ ਕੰਗਨਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਪੂਰੇ ਪੰਜਾਬ ਅਤੇ ਸਿੱਖ ਕੌਮ ਤੋਂ 5 ਦਿਨਾਂ ਵਿੱਚ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕਾਨੂੰਨੀ ਨੋਟਿਸ ਦਾ ਜਵਾਬ ਨਹੀਂ ਦਿੰਦੀ ਤਾਂ ਅਸੀਂ ਇਸ ਮਾਮਲੇ ‘ਚ ਕਾਨੂੰਨ ਦਾ ਸਹਾਰਾ ਲਵਾਂਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/