ਕੰਗਨਾ ਰਣੌਤ ਦੀ ਫਿਲਮ ‘Emergency’ ਪੰਜਾਬ ਚੋਣਾਂ ਤੋਂ ਬਾਅਦ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼
ਪੰਜਾਬ ‘ਚ ਰੋਕ ਦੀ ਮੰਗ – SGPC ਨੇ ਪ੍ਰਗਟਾਈ ਚਿੰਤਾ, ਕਿਹਾ ‘ਮਾਹੌਲ ਹੋਵੇਗਾ ਖਰਾਬ’
ਚੰਡੀਗੜ੍ਹ/ਦਿੱਲੀ, 18 ਅਕਤੂਬਰ (ਵਿਸ਼ਵ ਵਾਰਤਾ):- ਹਾਲ ਹੀ ‘ਚ ਕੰਗਨਾ ਰਣੌਤ ਦੀ ਸਿਆਸੀ ਡਰਾਮਾ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਹ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਇਹ ਮਸਲਾ ਸੈਂਸਰ ਬੋਰਡ ਅਤੇ ਹਾਈ ਕੋਰਟ ਤੱਕ ਪਹੁੰਚ ਗਿਆ। ਹੁਣ ਫਿਲਮ ਦੇ ਨਿਰਮਾਤਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੇ ਸੁਝਾਵਾਂ ਅਨੁਸਾਰ ਫਿਲਮ ਵਿੱਚ ਕਟੌਤੀ ਕਰਨ ਲਈ ਤਿਆਰ ਹਨ। ਤਾਜ਼ਾ ਜਾਣਕਾਰੀ ਇਹ ਆ ਰਹੀ ਹੈ ਕਿ ‘ਐਮਰਜੈਂਸੀ’ ਹੁਣ ਪੰਜਾਬ ‘ਚ ਚੋਣਾਂ ਤੋਂ ਬਾਅਦ ਰਿਲੀਜ਼ ਹੋਣ ਵਾਲੀ ਹੈ।
ਰਿਪੋਰਟ ਮੁਤਾਬਕ ‘ਐਮਰਜੈਂਸੀ’ ਦੇ ਨਿਰਮਾਤਾ ਚੋਣਾਂ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਫਿਲਮ ਦੀ ਮੁੱਖ ਅਦਾਕਾਰਾ ਹੋਣ ਤੋਂ ਇਲਾਵਾ ਕੰਗਨਾ ਰਣੌਤ ਇਸ ਦੀ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਵੀ ਹੈ। ਫਿਲਮ ‘ਚ ਕੰਗਨਾ ਰਣੌਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ।
ਇਸ ਦੇ ਨਾਲ ਹੀ ਪੰਜਾਬ ‘ਚ ਐਸਜੀਪੀਸੀ ਨੇ ਚਿੰਤਾ ਜ਼ਾਹਰ ਕਰਦਿਆਂ ਕੰਗਨਾ ਰਣੌਤ ਦੀ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਵਿੱਚ ਐਮਰਜੈਂਸੀ ਫਿਲਮ ਰਿਲੀਜ਼ ਹੋਈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ।
ਐਮਰਜੈਂਸੀ ਦੇ ਦੌਰ ਦੀ ਕਹਾਣੀ, ਸੈਂਸਰ ਬੋਰਡ ਨੇ ਲਗਾਏ ਹਨ 13 ਕੱਟ
ਕੰਗਨਾ ਰਣੌਤ ਦੀ ‘ਐਮਰਜੈਂਸੀ’ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ 1975 ਵਿੱਚ ਲਗਾਈ ਗਈ ਐਮਰਜੈਂਸੀ ਦੀਆਂ ਸਿਆਸੀ ਘਟਨਾਵਾਂ ਨੂੰ ਬਿਆਨ ਕਰਦੀ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਫਿਲਮ ਸੁਰਖੀਆਂ ‘ਚ ਹੈ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਫਿਲਮ ਵਿੱਚ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਸੈਂਸਰ ਬੋਰਡ ਨੇ ਕਥਿਤ ਤੌਰ ‘ਤੇ ਫਿਲਮ ਵਿੱਚ 13 ਕੱਟ ਲਗਾਏ ਹਨ।