ਖਰੜ ਦੀ ਨਾਮੀ ਹਾਊਸਿੰਗ ਸੁਸਾਇਟੀ ਵੈਸਟਰਨ ਟਾਵਰ ਵਿੱਚ ED ਦੀ ਰੇਡ ; ਨੋਟਾਂ ਦੇ ਬੈਗ ਨੇ ਮਚਾਈ ਖਲਬਲੀ
ਚੰਡੀਗੜ੍ਹ, 7 ਮਈ(ਵਿਸ਼ਵ ਵਾਰਤਾ) ਅੱਜ ਕੇਂਦਰੀ ਏਜੰਸੀ ਈ.ਡੀ. ਨੇ ਮੋਹਾਲੀ ਦੇ ਖਰੜ ਵਿਚ ਵੈਸਟਰਨ ਟਾਵਰਜ਼ ਸੁਸਾਇਟੀ ਦੇ ਇਕ ਫਲੈਟ ‘ਤੇ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਸੋਸਾਇਟੀ ਦੇ ਅੰਦਰ ਆਈਟੀ ਸੈਕਟਰ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਘਰ ਕੀਤੀ ਗਈ। ਟੀਮ ਨੂੰ ਆਉਂਦੇ ਦੇਖ ਕੇ, ਕਿਸੇ ਨੇ ਰਿਹਾਇਸ਼ੀ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰਿਆ ਇੱਕ ਬੈਗ ਹੇਠਾਂ ਸੁੱਟ ਦਿੱਤਾ। ਬੈਗ ਨੂੰ ਤੁਰੰਤ ਡਰਾਈਵਰ ਨੇ ਚੁੱਕ ਲਿਆ ਜੋ ਪਹਿਲਾਂ ਹੀ ਹੇਠਾਂ ਇੱਕ ਗੱਡੀ ਲੈ ਕੇ ਖੜ੍ਹਾ ਸੀ।
ਹਾਲਾਂਕਿ, ਟੀਮ ਨੇ ਉਸ ਨੂੰ ਦੇਖ ਲਿਆ ਤੇ ਡਰਾਈਵਰ ਦਾ ਪਿੱਛਾ ਕੀਤਾ, ਜੋ ਬੈਗ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ । ਟੀਮ ਨੇ ਬੈਗ ਲੈ ਕੇ ਭੱਜ ਰਹੇ ਡਰਾਈਵਰ ਨੂੰ ਫੜ ਲਿਆ ਅਤੇ ਲਗਭਗ 21 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਵੇਲੇ ਜਾਂਚ ਜਾਰੀ ਹੈ ਅਤੇ ਅਧਿਕਾਰੀ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।























