Dussehra 2025 : ਹੁਸ਼ਿਆਰਪੁਰ ‘ਚ ਤੇਜ਼ ਬਾਰਿਸ਼; ਮੀਂਹ ‘ਚ ਭਿੱਜ ਗਏ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ
ਹੁਸ਼ਿਆਰਪੁਰ, 2 ਅਕਤੂਬਰ 2025 (ਵਿਸ਼ਵ ਵਾਰਤਾ): ਅੱਜ 2 ਅਕਤੂਬਰ ਨੂੰ, ਦੁਸਹਿਰੇ (Dussehra 2025) ਦਾ ਤਿਓਹਾਰ ਮਨਾਇਆ ਜਾਵੇਗਾ। ਇਸ ਦਿਨ ਨੂੰ ਵਿਜੇਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦਾ ਹੈ। ਸਦੀਆਂ ਤੋਂ, ਇਸ ਦਿਨ ਰਾਵਣ ਦੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ। ਪੰਜਾਬ ਵਿੱਚ ਰਾਵਣ ਦਹਨ ਤੋਂ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਹੁਸ਼ਿਆਰਪੁਰ ਵਿੱਚ, ਭਾਰੀ ਮੀਂਹ ਨਾਲ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਬੁਰੀ ਤਰਾਂ ਨਾਲ ਗਿੱਲੇ ਹੋ ਗਏ।

ਜਲੰਧਰ ਵਿੱਚ ਵੀ ਸਵੇਰੇ ਤੇਜ਼ ਹਵਾਵਾਂ ਤੋਂ ਬਾਅਦ ਕਈ ਥਾਵਾਂ ‘ਤੇ ਭਾਰੀ ਮੀਂਹ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਪੁਤਲੇ ਗਿੱਲੇ ਹੋ ਗਏ। ਕਈ ਥਾਵਾਂ ‘ਤੇ ਤੇਜ਼ ਹਵਾਵਾਂ ਕਾਰਨ ਪੁਤਲੇ ਦੀ ਗਰਦਨ ਟੁੱਟ ਗਈ। ਦੱਸ ਦਈਏ ਕਿ ਜਲੰਧਰ ਵਿੱਚ 20 ਥਾਵਾਂ ‘ਤੇ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ। ਸਭ ਤੋਂ ਵੱਡੇ ਸਮਾਗਮ ਬਾਲਟੋਰਨ ਪਾਰਕ ਅਤੇ ਸਾਈਂ ਦਾਸ ਪਬਲਿਕ ਸਕੂਲ ਵਿੱਚ ਹੋਣਗੇ। ਸਾਈਂ ਦਾਸ ਸਕੂਲ ਵਿੱਚ 100 ਫੁੱਟ ਉੱਚਾ ਪੁਤਲਾ ਬਣਾਇਆ ਗਿਆ ਹੈ, ਜਿੱਥੇ ਰਾਵਣ ਦਹਿਨ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਰਾਮ, ਸੀਤਾ ਅਤੇ ਲਕਸ਼ਮਣ ਦੇ ਨਾਲ ਨਾਲ ਰਾਵਣ ਅਤੇ ਉਸਦੀ ਸੈਨਾ ਦੀਆ ਝਾਕੀਆਂ ਕੱਢੀਆਂ ਜਾਣਗੀਆਂ। ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਮਾਈ ਹੀਰਾ ਗੇਟ ਰੋਡ ਅਤੇ ਪਟੇਲ ਚੌਕ ‘ਤੇ ਪੁਲਿਸ ਤਾਇਨਾਤ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























