Delhi ‘ਚ ਭਾਰੀ ਮੀਂਹ-ਤੂਫ਼ਾਨ ਦਾ ਕਹਿਰ; ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਕੰਧ
– ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ

ਨਵੀ ਦਿੱਲੀ, 17 ਮਈ (ਵਿਸ਼ਵ ਵਾਰਤਾ) : ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ ਪਿਆ। ਇਥੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਰਹੀਆਂ ਸਨ। ਤੂਫਾਨ ਅਤੇ ਮੀਂਹ ਕਾਰਨ ਦਿੱਲੀ ਦੇ ਨਵੀ ਕਰੀਮ ਇਲਾਕੇ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗ ਗਈ। ਇਸ ਦੇ ਹੇਠਾਂ ਦੱਬਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅਰਾਕਸ਼ਾਅ ਰੋਡ ‘ਤੇ ਲਗਭਗ ਚਾਰ ਸੌ ਗਜ਼ ਵਿੱਚ ਇੱਕ ਹੋਟਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਦੀ ਖੁਦਾਈ ਦਾ ਕੰਮ ਚਲ ਰਿਹਾ ਸੀ ਅਤੇ ਲਗਭਗ ਅੱਠ ਫੁੱਟ ਉੱਚੀ ਕੰਧ ਬਣਾਈ ਗਈ ਸੀ। ਤੂਫਾਨ ਅਤੇ ਮੀਂਹ ਕਾਰਨ ਉੱਥੇ ਕੰਮ ਕਰ ਰਹੇ ਚਾਰ ਮਜ਼ਦੂਰਾਂ ਉੱਤੇ ਕੰਧ ਡਿੱਗ ਪਈ। ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਗੰਭੀਰ ਹੈ।
ਦੱਸ ਦਈਏ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਆਏ ਤੂਫਾਨ ਨੇ ਭਾਰੀ ਨੁਕਸਾਨ ਕੀਤਾ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ‘ਤੇ ਦਰੱਖਤ ਜੜ੍ਹੋਂ ਉੱਖੜ ਗਏ ਅਤੇ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਤੇਜ ਤੂਫ਼ਾਨ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ ਆਵਾਜਾਈ ਨਿਗਮ (ਐਨਸੀਆਰਟੀਸੀ) ਦੇ ਨਮੋ ਭਾਰਤ ਨਿਊ ਅਸ਼ੋਕ ਨਗਰ ਸਟੇਸ਼ਨ ਦੀ ਟੀਨ ਦੀ ਛੱਤ ਉੱਡ ਗਈ ਅਤੇ ਜ਼ਮੀਨ ‘ਤੇ ਡਿੱਗ ਗਈ। ਸਟੇਸ਼ਨ ਤੋਂ ਟੀਨ ਸ਼ੈੱਡ ਦੇ ਕੁਝ ਹਿੱਸੇ ਲਟਕ ਰਹੇ ਸਨ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।























