DELHI LG : ਤਰਨਜੀਤ ਸਿੰਘ ਸੰਧੂ ਬਣੇ ਦਿੱਲੀ ਦੇ ਨਵੇਂ ਉਪ ਰਾਜਪਾਲ, ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਚੁਕਾਈ ਸਹੁੰ
ਨਵੀ ਦਿੱਲੀ , 11 ਮਾਰਚ (ਵਿਸ਼ਵ ਵਾਰਤਾ) : ਦਿੱਲੀ ਦੇ ਨਵ- ਨਿਯੁਕਤ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਬੁੱਧਵਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਅਧਿਕਾਰਤ ਸਹੁੰ ਚੁੱਕ ਸਮਾਗਮ ਲੋਕ ਨਿਵਾਸ ਵਿਖੇ ਹੋਇਆ। ਦਿੱਲੀ ਹਾਈ ਕੋਰਟ ਦੇ ਮੁੱਖ ਜੱਜ, ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੇ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ 23ਵੇਂ ਉਪ ਰਾਜਪਾਲ (ਐਲਜੀ) ਵਜੋਂ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹੋਰ ਵੱਡੇ ਆਗੂ ਵੀ ਮੌਜੂਦ ਸਨ।
ਸਹੁੰ ਚੁੱਕਣ ਤੋਂ ਬਾਅਦ ਦਿੱਲੀ ਦੇ ਨਵੇਂ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਮਿਲ ਕੇ ਦਿੱਲੀ ਦਾ ਵਿਕਾਸ ਕਰੀਏ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦਿੱਲੀ ਨੂੰ ਉਸ ਟੀਚੇ ਤੱਕ ਪਹੁੰਚਾਉਣਾ ਹੈ ਕਿ ਤੁਸੀਂ ਕਿਤੇ ਵੀ ਖੁਸ਼ੀ ਨਾਲ ਕਹਿ ਸਕੋ ਕਿ ਇਹ ਸਾਡੀ ਰਾਜਧਾਨੀ ਹੈ। ਚੁਣੌਤੀਆਂ ਨੂੰ ਸਹੂਲਤਾਂ ਵਿੱਚ ਬਦਲਣਾ, ਅਸੀਂ ਇਸ ਪਾਸੇ ਹੀ ਧਿਆਨ ਦੇਵਾਂਗੇ।
ਦੱਸ ਦਈਏ ਕਿ ਭਾਰਤੀ ਵਿਦੇਸ਼ ਸੇਵਾ (IFS) ਦੇ 1988 ਬੈਚ ਦੇ ਅਧਿਕਾਰੀ ਤਰਨਜੀਤ ਸਿੰਘ ਸੰਧੂ ਅਮਰੀਕੀ ਮਾਮਲਿਆਂ ਦੇ ਤਜਰਬੇਕਾਰ ਭਾਰਤੀ ਡਿਪਲੋਮੈਟਾਂ ਵਿੱਚੋਂ ਇੱਕ ਹਨ। ਉਹ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਵਿੱਚ ਕਈ ਵਾਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਹ ਫਰਵਰੀ 2020 ਤੋਂ ਜਨਵਰੀ 2024 ਤੱਕ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ। ਇਸ ਤੋਂ ਇਲਾਵਾ, 63 ਸਾਲਾ ਸੰਧੂ ਜੁਲਾਈ 2005 ਤੋਂ ਫਰਵਰੀ 2009 ਤੱਕ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਵੀ ਤਾਇਨਾਤ ਰਹੇ। ਸੰਧੂ ਨੇ 2024 ਵਿੱਚ ਪੰਜਾਬ ਦੇ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜੀ ਸੀ, ਪਰ ਉਹ ਚੋਣ ਨਹੀਂ ਜਿੱਤ ਸਕੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























