Delhi : ਟੋਏ ਵਿੱਚ ਡਿੱਗ ਕੇ ਬਾਈਕ ਸਵਾਰ ਦੀ ਮੌਤ ਦੇ ਮਾਮਲੇ ‘ਚ ਵੱਡਾ ਐਕਸ਼ਨ
– ਤਿੰਨ ਅਧਿਕਾਰੀ ਸਸਪੈਂਡ
ਨਵੀ ਦਿੱਲੀ, 7 ਫਰਵਰੀ 2026 (ਵਿਸ਼ਵ ਵਾਰਤਾ): ਪੱਛਮੀ ਦਿੱਲੀ (Delhi) ਦੇ ਜਨਕਪੁਰੀ ਵਿੱਚ 15 ਫੁੱਟ ਡੂੰਘੇ ਟੋਏ ਵਿੱਚ ਡਿੱਗ ਕੇ ਬਾਈਕ ਸਵਾਰ ਦੀ ਮੌਤ ਦੇ ਮਾਮਲੇ ਵਿੱਚ ਐਕਸ਼ਨ ਲਿਆ ਗਿਆ ਹੈ। ਪੁਲਿਸ ਨੇ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਅਤੇ ਠੇਕੇਦਾਰ ਦੇ ਖਿਲਾਫ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ। ਜਲ ਬੋਰਡ ਨੇ 3 ਅਧਿਕਾਰੀਆਂ ਨੂੰ ਮੁਅੱਤਲ (ਸਸਪੈਂਡ) ਵੀ ਕਰ ਦਿੱਤਾ ਹੈ। ਇਹਨਾਂ ਵਿੱਚ ਐਗਜ਼ੀਕਿਊਟਿਵ ਇੰਜੀਨੀਅਰ, ਅਸਿਸਟੈਂਟ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਸ਼ਾਮਲ ਹਨ। ਉੱਥੇ ਹੀ, ਦਿੱਲੀ ਜਲ ਬੋਰਡ (DJB) ਨੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ।
ਦਰਅਸਲ, 5 ਫਰਵਰੀ ਦੀ ਦੇਰ ਰਾਤ ਕਮਲ ਭਿਆਨੀ (25) ਦੀ ਦਿੱਲੀ ਜਲ ਬੋਰਡ ਦੀ ਉਸਾਰੀ ਵਾਲੀ ਥਾਂ (ਕੰਸਟਰੱਕਸ਼ਨ ਸਾਈਟ) ‘ਤੇ ਪੁੱਟੇ ਗਏ ਟੋਏ ਵਿੱਚ ਡਿੱਗਣ ਕਾਰਨ ਮੌਤ ਹੋ ਗਈ। 6 ਫਰਵਰੀ ਦੀ ਸਵੇਰ 8 ਵਜੇ PCR ਕਾਲ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਫਿਰ ਕਮਲ ਦੀ ਲਾਸ਼ ਬਰਾਮਦ ਕੀਤੀ ਗਈ। ਉਹ ਕੈਲਾਸ਼ਪੁਰੀ ਦਾ ਰਹਿਣ ਵਾਲਾ ਸੀ ਅਤੇ ਇੱਕ ਨਿੱਜੀ ਬੈਂਕ ਦੇ ਕਾਲ ਸੈਂਟਰ ਵਿੱਚ ਕੰਮ ਕਰਦਾ ਸੀ।
ਦਿੱਲੀ ਸਰਕਾਰ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਇਸ ਸੜਕ ‘ਤੇ 3 ਮਹੀਨਿਆਂ ਤੋਂ ਕੰਮ ਚੱਲ ਰਿਹਾ ਸੀ। ਦੋਵਾਂ ਪਾਸੇ 100-100 ਮੀਟਰ ਦੀ ਦੂਰੀ ‘ਤੇ ਬੈਰੀਕੇਡ ਲਗਾਏ ਗਏ ਸਨ। ਪਿਛਲੇ ਦੋ ਦਿਨਾਂ ਵਿੱਚ ਇੱਥੇ ਇੱਕ ਵੱਡਾ ਟੋਆ ਪੁੱਟਿਆ ਗਿਆ ਸੀ। ਇਸ ਲੇਨ ਵਿੱਚ ਕੋਈ ਟ੍ਰੈਫਿਕ ਨਹੀਂ ਸੀ। ਹਾਲਾਂਕਿ, ਬੀਤੇ ਕੱਲ੍ਹ ਇੱਥੇ ਜੋ ਘਟਨਾ ਵਾਪਰੀ ਉਹ ਬਹੁਤ ਮੰਦਭਾਗੀ ਹੈ। ਅਸੀਂ ਦਿੱਲੀ ਜਲ ਬੋਰਡ ਤੋਂ ਜਾਂਚ ਦੇ ਹੁਕਮ ਦਿੱਤੇ ਹਨ।
ਪ੍ਰਵੇਸ਼ ਵਰਮਾ ਨੇ ਕਿਹਾ ਕਿ ਅਸੀਂ ਇੱਕ ਕਮੇਟੀ ਬਣਾਈ ਹੈ ਜੋ ਇਸਦੀ ਰਿਪੋਰਟ 24 ਘੰਟਿਆਂ ਦੇ ਅੰਦਰ ਜਮ੍ਹਾਂ ਕਰਵਾਏਗੀ। ਇਸ ਦੇ ਨਾਲ ਹੀ ਦਿੱਲੀ ਜਲ ਬੋਰਡ ਦੇ ਤਿੰਨ ਅਧਿਕਾਰੀਆਂ – ਜੂਨੀਅਰ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























