1984 ਸਿੱਖ ਕਤਲੇਆਮ ਦੀ 40ਵੀਂ ਵਰੇਗੰਢ ਮੌਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ, ਤਿਲਕ ਵਿਹਾਰ DELHI ਵਿਖੇ ਹੋਏ ਗੁਰਮਤਿ ਸਮਾਗਮ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਸਮੇਤ ਸਿੱਖ ਸਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ
ਜੈਤੋ ,3 ਨਵੰਬਰ ( ਰਘੂਨੰਦਨ ਪਰਾਸ਼ਰ ):1984 ਸਿੱਖ ਕਤਲੇਆਮ ਦੀ 40ਵੀਂ ਵਰੇਗੰਢ ਮੌਕੇ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ, ਤਿਲਕ ਵਿਹਾਰ ਦਿੱਲੀ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਿੱਲੀ(DELHI) ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਸਮੇਤ ਹੋਰ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸਿੱਖ ਕਤਲੇਆਮ ਵਿੱਚ ਜਾਨਾ ਗਵਾਉਣ ਵਾਲਿਆਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਤਿਆਰ ਹੈ ਅਤੇ ਇਨਸਾਫ਼ ਦੀ ਲੜਾਈ ‘ਚ ਲੋੜੀਂਦਾ ਹਿੱਸਾ ਪਾਵੇਗੀ।
ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਲਈ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਧਾਮੀ ਨੇ ਕਿਹਾ ਕਿ ਪਿਛਲੇ ਸਾਲ ਵੀ ਸ਼੍ਰੋਮਣੀ ਕਮੇਟੀ ਨੇ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਸੀ। ਇਸ ਦੌਰਾਨ ਸ. ਮਨਜੀਤ ਸਿੰਘ ਜੀਕੇ ਨੇ ਪੀੜਤਾਂ ਨੂੰ 1984 ਦਾ ਇਨਸਾਫ਼, ਮੁੜ ਵਸੇਬਾ ਤੇ ਹੋਰ ਸਮਾਜਿਕ ਸਹੂਲਤਾਂ ਉਪਲਬੱਧ ਕਰਵਾਉਣ ਬਾਰੇ ਸਰਕਾਰੀ ਤੰਤਰ ਦੇ ਰਵਈਏ ਉਤੇ ਨਰਾਜ਼ਗੀ ਜ਼ਾਹਿਰ ਕੀਤੀ।
ਉਨ੍ਹਾਂ ਕੇਂਦਰ ਸਰਕਾਰ ਨੂੰ 1984 ਸਿੰਖ ਕਤਲੇਆਮ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ ਤਜਵੀਜ਼ ਵੀ ਦਿੱਤੀ। ਸ. ਜੀਕੇ ਨੇ ਕਿਹਾ ਕਿ ਜੇਕਰ ਪੜਚੋਲ ਕਰੀਏ ਤਾਂ ਸਾਡੇ ਨਾਲ ਸੁਪਰੀਮ ਕੋਰਟ ਵੀ ਖੜ੍ਹਾ ਨਹੀਂ ਹੋਇਆ, ਜਦਕਿ 2002 ਦੇ ਗੁਜਰਾਤ ਦੰਗਿਆਂ ਦੇ ਸਮੇਂ ਸੁਪਰੀਮ ਕੋਰਟ ਨੇ ਖੁਦ ਸੰਗਿਆਨ ਲੈਂਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਰਾਹ ਪੱਧਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਨਿਰਦੋਸ਼ ਸਿੱਖਾਂ ਨਾਲ ਹੋਏ ਗੈਰ ਮਨੁੱਖੀ ਵਰਤਾਰੇ ਦੇ ਖਿਲਾਫ ਭਾਰਤੀ ਨਿਆਂਪਾਲਿਕਾ ਦਾ ਚੁੱਪ ਰਹਿਣਾ ਵੀ ਫਿਰਕੂਕਰਨ ਸੀ, ਜੋ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵਡ, ਦਿੱਲੀ ਕਮੇਟੀ ਮੈਂਬਰ ਸ. ਸਤਨਾਮ ਸਿੰਘ ਖੀਵਾ, ਸ.ਮਹਿੰਦਰ ਸਿੰਘ, ਅਕਾਲੀ ਆਗੂ ਡਾਕਟਰ ਪਰਮਿੰਦਰ ਪਾਲ ਸਿੰਘ, ਸ. ਪਰਮਜੀਤ ਸਿੰਘ ਮੱਕੜ, ਸ. ਗੁਨਜੀਤ ਸਿੰਘ ਬਖਸ਼ੀ, ਸ. ਸੁਖਮਨ ਸਿੰਘ, ਸ. ਰਵਿੰਦਰ ਸਿੰਘ ਤੇ ਸ. ਮਨਜੀਤ ਸਿੰਘ ਸਮੇਤ ਹੋਰ ਮੌਜੂਦ ਸਨ।