Cricketer ਵੈਭਵ ਸੂਰਿਆਵੰਸ਼ੀ ਨੇ ਅੰਡਰ 19 ਵਿਸ਼ਵ ਕੱਪ ‘ਚ ਰਚਿਆ ਇਤਿਹਾਸ
– ਚੌਕਿਆਂ-ਛਿੱਕਿਆਂ ਦੀ ਝੜੀ ਲਗਾ ਕਈ ਰਿਕਾਰਡ ਕੀਤੇ ਨਾਮ
ਨਵੀ ਦਿੱਲੀ, 6 ਫਰਵਰੀ 2026 (ਵਿਸ਼ਵ ਵਾਰਤਾ) – ਅੰਡਰ-19 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਮੋ-ਸਾਹਮਣੇ ਹਨ। ਭਾਰਤੀ ਕਪਤਾਨ ਆਯੁਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਪਹਿਲੀ ਵਿਕਟ ਐਰੋਨਾ ਜਾਰਜ ਦੇ ਰੂਪ ਵਿੱਚ ਜਲਦੀ ਹੀ ਡਿੱਗ ਗਈ, ਪਰ ਵੈਭਵ ਸੂਰਿਆਵੰਸ਼ੀ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੂੰ ਆਯੁਸ਼ ਦਾ ਸਾਥ ਮਿਲਿਆ। ਐਰੋਨ ਦੇ ਆਊਟ ਹੋਣ ਤੋਂ ਬਾਅਦ, ਵੈਭਵ ਨੇ ਆਪਣੇ ਅੰਦਾਜ਼ ਵਿੱਚ ਧਮਾਕੇਦਾਰ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਚੌਕਿਆਂ-ਛਿੱਕਿਆਂ ਦੀ ਝੜੀ ਲਗਾ ਦਿੱਤੀ।
ਵੈਭਵ ਸੂਰਿਆਵੰਸ਼ੀ ਦੀ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਧਮਾਕੇਦਾਰ ਪਾਰੀ ਨਾਲ ਭਾਰਤ ਨੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ 411/9 ਦੇ ਰਿਕਾਰਡ ਸਕੋਰ ‘ਤੇ ਪਹੁੰਚਾਇਆ। ਇਸ 14 ਸਾਲਾ ਬੱਲੇਬਾਜ਼ ਨੇ 80 ਗੇਂਦਾਂ ਵਿੱਚ 175 ਦੌੜਾਂ ਬਣਾਈਆਂ, ਜਿਸ ਵਿੱਚ 15 ਛੱਕੇ ਵੀ ਸ਼ਾਮਲ ਸਨ।
ਵੈਭਵ ਅੰਡਰ-19 ਵਰਲਡ ਕੱਪ ਦੇ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵੈਭਵ ਨੇ ਇੰਗਲੈਂਡ ਖ਼ਿਲਾਫ਼ 175 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਹੀ ਉਨਮੁਕਤ ਚੰਦ ਦੇ ਨਾਂ ਸੀ, ਜਿਨ੍ਹਾਂ ਨੇ 2012 ਵਿੱਚ ਆਸਟ੍ਰੇਲੀਆ ਖ਼ਿਲਾਫ਼ ਨਾਬਾਦ 111 ਦੌੜਾਂ ਬਣਾਈਆਂ ਸਨ।
ਇੰਨਾ ਹੀ ਨਹੀਂ, ਵੈਭਵ (175) ਕਿਸੇ ਵੀ ICC ਟੂਰਨਾਮੈਂਟ ਦੇ ਫਾਈਨਲ (ਅੰਡਰ-19 ਅਤੇ ਸੀਨੀਅਰ) ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੀ ਐਲਿਸਾ ਹੀਲੀ ਦੇ ਨਾਂ ਸੀ, ਜਿਨ੍ਹਾਂ ਨੇ 2022 ਮਹਿਲਾ ਵਨਡੇ ਵਰਲਡ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ 170 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਵੈਭਵ ਸੂਰਿਆਵੰਸ਼ੀ ਨੇ ਇੰਗਲੈਂਡ ਵਿਰੁੱਧ ਫਾਈਨਲ ਵਿੱਚ ਸਿਰਫ਼ 55 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਇਹ ਅੰਡਰ-19 ਵਰਲਡ ਕੱਪ ਦੇ ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਆਸਟ੍ਰੇਲੀਆ ਦੇ ਵਿਲ ਮਲਾਜਕਜ਼ਕ ਨੇ ਇਸੇ ਵਰਲਡ ਕੱਪ ਵਿੱਚ ਜਾਪਾਨ ਵਿਰੁੱਧ ਮੈਚ ਵਿੱਚ ਸਿਰਫ਼ 51 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ। ਇਸ ਦੇ ਨਾਲ ਹੀ ਵੈਭਵ ਅੰਡਰ-19 ਵਿਸ਼ਵ ਕੱਪ ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸਨੇ ਪਾਰੀ ਵਿੱਚ 15 ਛੱਕੇ ਮਾਰੇ।
ਭਾਰਤ ਨੇ ਇੰਗਲੈਂਡ ਵਿਰੁੱਧ ਫਾਈਨਲ ਵਿੱਚ 411 ਦੌੜਾਂ ਬਣਾਈਆਂ। ਇਹ ਅੰਡਰ-19 ਵਰਲਡ ਕੱਪ ਦੇ ਫਾਈਨਲ ਦਾ ਸਭ ਤੋਂ ਵੱਡਾ ਸਕੋਰ ਹੈ। ਪਿਛਲਾ ਰਿਕਾਰਡ 253 ਦੌੜਾਂ ਦਾ ਸੀ, ਜੋ ਕਿ ਆਸਟ੍ਰੇਲੀਆ ਨੇ 2024 ਵਿੱਚ ਭਾਰਤ ਵਿਰੁੱਧ ਬਣਾਇਆ ਸੀ।























