Cricket: ਖੇਡ ਜਗਤ ਤੋਂ ਵੱਡੀ ਖ਼ਬਰ! ਇਸ ਦਿਗਜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨਵੀ ਦਿੱਲੀ, 2 ਅਪ੍ਰੈਲ (ਵਿਸ਼ਵ ਵਾਰਤਾ) – ਇੱਕ ਹੋਰ ਦਿਗਜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਦੱਖਣੀ ਅਫਰੀਕਾ ਦੇ ਟਾਪ ਆਰਡਰ ਬੱਲੇਬਾਜ਼ ਰਾਸੀ ਵੈਨ ਡੇਰ ਡੁਸੇਨ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਦੱਖਣੀ ਅਫਰੀਕਾ ਦੇ ਸਭ ਤੋਂ ਵੱਧ ਸਫਲ ਬੱਲੇਬਾਜ਼ਾਂ ਵਿੱਚੋਂ ਇੱਕ ਰਾਸੀ ਵੈਨ ਡੇਰ ਡੁਸਨ ਨੇ ਸੋਸ਼ਲ ਮੀਡੀਆ ‘ਤੇ ਇੱਕ ਲੰਬੇ ਪੱਤਰ ਵਿੱਚ ਇਹ ਐਲਾਨ ਕੀਤਾ।
ਰਾਸੀ ਵੈਨ ਡੇਰ ਡੁਸਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਉਹ ਬਹੁਤ ਮਾਣ ਅਤੇ ਸ਼ੁਕਰਗੁਜ਼ਾਰੀ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਆਪਣੇ ਸੰਨਿਆਸ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ‘ਪ੍ਰੋਟੀਜ਼’ (ਦੱਖਣੀ ਅਫਰੀਕਾ) ਦੀ ਜਰਸੀ ਪਹਿਨਣਾ ਇੱਕ ਅਜਿਹੀ ਪ੍ਰਾਪਤੀ ਹੈ, ਜੋ ਸਮਰਪਣ ਦੇ ਉਸ ਪੱਧਰ ਦੀ ਮੰਗ ਕਰਦੀ ਹੈ ਜੋ ਤੁਹਾਡੀ ਪ੍ਰੀਖਿਆ ਵੀ ਲੈਂਦੀ ਹੈ ਅਤੇ ਤੁਹਾਨੂੰ ਅਵਿਸ਼ਵਾਸ਼ਯੋਗ ਤਰੀਕੇ ਨਾਲ ਇਨਾਮ ਵੀ ਦਿੰਦੀ ਹੈ।” ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਦੇਸ਼ ਲਈ ਖੇਡਣਾ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਉਨ੍ਹਾਂ ਨੇ ਆਪਣੇ ਚਾਰ ਭਰਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਨਾਲ ਹੀ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਦੇ ਨਾਮ ਵੀ ਲਏ ਹਨ।
ਡੁਸਨ ਨੇ ਅੱਗੇ ਲਿਖਿਆ ਕਿ ਮੇਰੇ ਸਾਥੀ ਖਿਡਾਰੀਓ, ਕੋਚ, ਮੈਂਟਰਜ਼ ਅਤੇ ਦੋਸਤੋ, ਮੈਨੂੰ ਇਸ ਕਹਾਣੀ ਦਾ ਹਿੱਸਾ ਬਣਾਉਣ ਲਈ ਤੁਹਾਡਾ ਧੰਨਵਾਦ। ਕ੍ਰਿਕਟ ਨੇ ਮੈਨੂੰ ਸਭ ਕੁਝ ਦਿੱਤਾ ਹੈ ਅਤੇ ਕਈ ਮਾਇਨਿਆਂ ਵਿੱਚ, ਮੈਂ ਆਪਣੀ ਜ਼ਿੰਦਗੀ ਦਾ ਅਹਿਸਾਨਮੰਦ ਹਾਂ। ਯੁਵਾ ਖਿਡਾਰੀਆਂ ਨੂੰ ਮੇਰੀ ਸਲਾਹ ਹਮੇਸ਼ਾ ਇਹੀ ਰਹੀ ਹੈ ਅਤੇ ਰਹੇਗੀ ਕਿ ਵੱਡੇ ਸੁਪਨੇ ਦੇਖੋ ਅਤੇ ਆਪਣੇ ਸੁਪਨਿਆਂ ਨੂੰ ਪਾਉਣ ਲਈ ਆਪਣਾ ਸਭ ਕੁਝ ਲਗਾ ਦਿਓ। ਮੈਂ ਖੁਦ ਨੂੰ ਕਦੇ ਵੀ ਦੂਜੇ ਇਨਸਾਨ ਨਾਲੋਂ ਜ਼ਿਆਦਾ ਖ਼ਾਸ ਜਾਂ ਪ੍ਰਤਿਭਾਸ਼ਾਲੀ ਨਹੀਂ ਮੰਨਿਆ। ਮੈਂ ਆਪਣਾ ਸਭ ਤੋਂ ਵੱਡਾ ਸੁਪਨਾ ਜੀ ਸਕਿਆ ਹਾਂ। ਤੁਸੀਂ ਵੀ ਜੀ ਸਕਦੇ ਹੋ, ਚਾਹੇ ਤੁਹਾਡਾ ਸੁਪਨਾ ਕੁਝ ਵੀ ਹੋਵੇ।
ਉਨ੍ਹਾਂ ਨੇ ਅਖੀਰ ਵਿੱਚ ਕਿਹਾ ਕਿ ਦੱਖਣੀ ਅਫਰੀਕਾ ਦੀ ਜਰਸੀ ਵਿੱਚ ਮੇਰਾ ਸਮਾਂ ਭਾਵੇਂ ਖ਼ਤਮ ਹੋ ਗਿਆ ਹੈ, ਪਰ ਮੇਰਾ ਸਫ਼ਰ ਅਜੇ ਖ਼ਤਮ ਨਹੀਂ ਹੋਇਆ ਹੈ। ਮੈਂ ਆਪਣੇ ਪਿਆਰੇ ਲਾਇੰਸ ਲਈ ਖੇਡਣਾ ਜਾਰੀ ਰੱਖਾਂਗਾ, ਅਤੇ ਮੈਂ ਸਾਊਥ ਅਫਰੀਕੀ ਕ੍ਰਿਕਟ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਸਿਖਾ ਕੇ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਕੇ ਇਸ ਖ਼ੂਬਸੂਰਤ ਖੇਡ ਨੂੰ ਕੁਝ ਵਾਪਸ ਦੇਣ ਲਈ ਵਚਨਬੱਧ ਹਾਂ। ਮੈਨੂੰ ਦੱਖਣੀ ਅਫਰੀਕਾ ਅਤੇ ਕ੍ਰਿਕਟ ਨਾਲ ਪਿਆਰ ਹੈ। ਹਰ ਚੀਜ਼ ਲਈ ਧੰਨਵਾਦ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















